ਸਿਵਲ ਸਰਜਨ ਵੱਲੋਂ ਆਮ ਆਦਮੀ ਪਿੰਡ ਕਲੀਨਿਕਾਂ ਦਾ ਜਾਇਜ਼ਾ ਸਿਵਲ ਸਰਜਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਆਮ ਆਦਮੀ ਪਿੰਡ ਕਲੀਨਿਕਾਂ ਦਾ ਜਾਇਜ਼ਾ
Publish Date: Sun, 13 Sep 2026 05:09 PM (IST)
Updated Date: Mon, 14 Sep 2026 04:03 AM (IST)
-ਨਵੇਂ ਤਿਆਰ ਹੋ ਰਹੇ ਕਲੀਨਿਕਾਂ ਦੇ ਕੰਮ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਚਲਾਏ ਜਾ ਰਹੇ ਆਮ ਆਦਮੀ ਪਿੰਡ ਕਲੀਨਿਕਾਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਡਾ. ਲਖਬੀਰ ਕੌਰ ਸਿੱਧੂ, ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਹਤ ਵਿਭਾਗ ਦੀ ਉੱਚ-ਪੱਧਰੀ ਟੀਮ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਜਿੱਥੇ ਪਹਿਲਾਂ ਤੋਂ ਚੱਲ ਰਹੇ ਕਲੀਨਿਕਾਂ ਦੀ ਚੈਕਿੰਗ ਕੀਤੀ ਗਈ, ਉੱਥੇ ਹੀ ਨਵੇਂ ਤਿਆਰ ਹੋ ਰਹੇ ਕਲੀਨਿਕਾਂ ਦੇ ਨਿਰਮਾਣ ਕਾਰਜਾਂ ਦਾ ਵੀ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਜੈ ਦੀਪ ਸਿੰਘ ਸਹਾਇਕ ਸਿਵਲ ਸਰਜਨ, ਸ੍ਰੀ ਮੁਕਤਸਰ ਸਾਹਿਬ, ਡਾ. ਮਿਰਨਾਲ ਬਾਂਸਲ ਸੀਨੀਅਰ ਮੈਡੀਕਲ ਅਫਸਰ, ਦੋਦਾ, ਗੁਰਪ੍ਰੀਤ ਸਿੰਘ ਭੁੱਲਰ ਪੀਏ ਟੂ ਸਿਵਲ ਸਰਜਨ, ਡਾ. ਹਰਪ੍ਰੀਤ ਸਿੰਘ ਮੈਡੀਕਲ ਅਫਸਰ, ਸੁਖਵਿੰਦਰ ਸਿੰਘ ਅਤੇ ਚਰਨਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਸਿਵਲ ਸਰਜਨ ਡਾ. ਲਖਬੀਰ ਕੌਰ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਮ ਵੱਲੋਂ ਪਹਿਲਾਂ ਤੋਂ ਸਫ਼ਲਤਾਪੂਰਵਕ ਚੱਲ ਰਹੇ ਆਮ ਆਦਮੀ ਪਿੰਡ ਕਲੀਨਿਕ ਚੱਕ ਗਿਲਜੇਵਾਲਾ, ਬਬਾਨੀਆਂ, ਲੁੰਡੇਵਾਲਾ ਅਤੇ ਬੁੱਟਰ ਬਖੂਆ ਦਾ ਨਿਰੀਖਣ ਕੀਤਾ ਗਿਆ। ਚੈਕਿੰਗ ਦੌਰਾਨ ਕਲੀਨਿਕਾਂ ’ਚ ਦਵਾਈਆਂ ਦੀ ਉਪਲਬਧਤਾ, ਮੁਫ਼ਤ ਲੈਬ ਟੈਸਟਾਂ ਦੇ ਪ੍ਰਬੰਧ, ਸਟਾਫ਼ ਦੀ ਹਾਜ਼ਰੀ ਅਤੇ ਰਿਕਾਰਡ ਦੀ ਜਾਂਚ ਕੀਤੀ ਗਈ, ਜੋ ਕਿ ਤਸੱਲੀਬਖਸ਼ ਪਾਈ ਗਈ। ਉਨ੍ਹਾਂ ਕਲੀਨਿਕਾਂ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨਾਲ ਹਮਦਰਦੀ ਪੂਰਵਕ ਵਿਵਹਾਰ ਕੀਤਾ ਜਾਵੇ ਅਤੇ ਸਿਹਤ ਸੇਵਾਵਾਂ ’ਚ ਕੋਈ ਕਮੀ ਨਾ ਆਉਣ ਦਿੱਤੀ ਜਾਵੇ। ਇਸਤੋਂ ਇਲਾਵਾ, ਟੀਮ ਵੱਲੋਂ ਜ਼ਿਲ੍ਹੇ ’ਚ ਨਵੇਂ ਤਿਆਰ ਹੋ ਰਹੇ ਆਮ ਆਦਮੀ ਪਿੰਡ ਕਲੀਨਿਕਾਂ ਸਮਾਘ, ਚੋਟੀਆਂ ਅਤੇ ਰੁਖਾਲਾ ਦੀਆਂ ਇਮਾਰਤਾਂ ਅਤੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਵੀ ਵਿਸ਼ੇਸ਼ ਤੌਰ ’ਤੇ ਜਾਇਜ਼ਾ ਲਿਆ ਗਿਆ। ਸਿਵਲ ਸਰਜਨ ਨੇ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਨਵੇਂ ਕਲੀਨਿਕਾਂ ਦਾ ਰਹਿੰਦਾ ਬਿਲਡਿੰਗ ਅਤੇ ਬੁਨਿਆਦੀ ਢਾਂਚੇ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ, ਤਾਂ ਜੋ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਜਲਦ ਹੀ ਘਰਾਂ ਦੇ ਨੇੜੇ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਮਿਲਣਾ ਸ਼ੁਰੂ ਹੋ ਸਕੇ।