ਨਗਰ ਕੌਂਸਲ ਪ੍ਰਧਾਨ ਨੂੰ ਦੱਸੀਆਂ ਸ਼ਹਿਰ ਦੀ ਸਮੱਸਿਆਵਾਂ ਮੁੱਖ ਸਮੱਸਿਆਵਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਤੇ ਸਮਾਜ ਸੇਵੀਆਂ ਨੇ ਨਗਰ ਕੌਂਸਲ ਪ੍ਰਧਾਨ ਨਾਲ ਕੀਤੀ ਮੁਲਾਕਾਤ
Publish Date: Wed, 08 Jul 2026 05:48 PM (IST)
Updated Date: Wed, 08 Jul 2026 05:51 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੀਆਂ ਪ੍ਰਮੁੱਖ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪਤਵੰਤੇ ਸ਼ਹਿਰ ਵਾਸੀਆਂ ਦੇ ਇੱਕ ਸਾਂਝੇ ਵਫ਼ਦ ਨੇ ਬੁੱਧਵਾਰ ਨੂੰ ਨਗਰ ਕੌਂਸਲ ਦੀ ਨਵ-ਨਿਯੁਕਤ ਪ੍ਰਧਾਨ ਯੋਗਿਤਾ ਗੁੰਬਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਨੂੰ ਦਰਪੇਸ਼ ਗੰਭੀਰ ਮੁਸ਼ਕਿਲਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ। ਇਸ ਵਿਸ਼ੇਸ਼ ਬੈਠਕ ਵਿੱਚ ਉੱਘੇ ਸਮਾਜ ਸੇਵੀ ਡਾ. ਨਰੇਸ਼ ਪਾਰੂਥੀ, ਜਸਪਾਲ ਸਿੰਘ ਸਮੇਤ ਕਈ ਹੋਰ ਮੋਹਤਬਰ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪੁੱਟੀਆਂ ਸੜਕਾਂ ਤੇ ਨਕਾਰਾ ਫੁੱਟਪਾਥ ਬਣੇ ਹਾਦਸਿਆਂ ਦਾ ਕਾਰਨ ਸਮਾਜਸੇਵੀਆਂ ਨੇ ਪ੍ਰਧਾਨ ਦੇ ਧਿਆਨ ’ਚ ਲਿਆਂਦਾ ਕਿ ਸ਼ਹਿਰ ਦੇ ਵਿਭਿੰਨ ਹਿੱਸਿਆਂ ’ਚ ਸੀਵਰੇਜ ਅਤੇ ਵਾਟਰ ਪਾਈਪਲਾਈਨ ਪਾਉਣ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਵੀ ਸੜਕਾਂ ਅਤੇ ਗਲੀਆਂ ਦੀ ਮੁੜ-ਮੁਰੰਮਤ ਨਹੀਂ ਕੀਤੀ ਗਈ। ਥਾਂ-ਥਾਂ ਤੋਂ ਪੁੱਟੀਆਂ ਪਈਆਂ ਸੜਕਾਂ ਕਾਰਨ ਰੋਜ਼ਾਨਾ ਭਾਰੀ ਟ੍ਰੈਫਿਕ ਜਾਮ ਲੱਗ ਰਹੇ ਹਨ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਤਿਹਾਸਕ ਗੇਟ ਤੋਂ ਅੱਗੇ ਸੀਵਰੇਜ ਚੈਂਬਰਾਂ ਦੁਆਲੇ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ। ਇਸੇ ਰੋਡ ਤੇ ਸੂਏ ਤੋਂ ਅੱਗੇ ਫੁੱਟਪਾਥ ਨਾ ਹੋਣ ਕਾਰਨ ਪੈਦਲ ਚੱਲਣ ਵਾਲੇ ਲੋਕ ਜਾਨ ਜੋਖਮ ’ਚ ਪਾ ਕੇ ਸੜਕ ਤੋਂ ਲੰਘਦੇ ਹਨ। ਮੁੱਖ ਬਾਜ਼ਾਰਾਂ, ਖ਼ਾਸ ਕਰਕੇ ਥਾਣਾ ਸਿਟੀ ਦੇ ਸਾਹਮਣੇ ਸੀਵਰੇਜ ਦੇ ਚੈਂਬਰ ਸੜਕ ਦੇ ਪੱਧਰ ਤੋਂ ਉੱਚੇ-ਨੀਵੇਂ ਹਨ, ਜੋ ਵਾਹਨ ਚਾਲਕਾਂ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਰਹੇ ਹਨ। ਵਫ਼ਦ ਨੇ ਇਨ੍ਹਾਂ ਦੀ ਤੁਰੰਤ ਮੁਰੰਮਤ ਦੀ ਮੰਗ ਕੀਤੀ। ਅਵਾਰਾ ਕੁੱਤਿਆਂ ਦਾ ਦਹਿਸ਼ਤ: ਰੋਜ਼ਾਨਾ 10-15 ਲੋਕ ਹੋ ਰਹੇ ਨੇ ਸ਼ਿਕਾਰ ਬੈਠਕ ਦੌਰਾਨ ਡਾ. ਨਰੇਸ਼ ਪਾਰੂਥੀ ਨੇ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਦੇ ਆਤੰਕ ਦਾ ਮੁੱਦਾ ਬੜੀ ਗੰਭੀਰਤਾ ਨਾਲ ਚੁੱਕਿਆ। ਉਨ੍ਹਾਂ ਸਿਹਤ ਵਿਭਾਗ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਮੁਕਤਸਰ ’ਚ ਰੋਜ਼ਾਨਾ ਅਵਾਰਾ ਕੁੱਤਿਆਂ ਦੇ ਕੱਟਣ ਦੇ 10 ਤੋਂ 15 ਮਾਮਲੇ ਸਾਹਮਣੇ ਆ ਰਹੇ ਹਨ। ਸ਼ਹਿਰ ਵਾਸੀਆਂ, ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਇਸ ਸਮੱਸਿਆ ਦਾ ਕੋਈ ਠੋਸ ਅਤੇ ਸਥਾਈ ਹੱਲ ਕੱਢਿਆ ਜਾਵੇ। ਸੀਵਰੇਜ ਓਵਰਫਲੋਅ, ਕੂੜੇ ਦੇ ਢੇਰ ਤੇ ਸਟ੍ਰੀਟ ਲਾਈਟਾਂ ਸਬੰਧੀ ਲਾਪਰਵਾਹੀ ਸ਼ਹਿਰੀਆਂ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਹਿਰ ਦੀਆਂ ਕਈ ਸਟ੍ਰੀਟ ਲਾਈਟਾਂ ਦਿਨ ਵੇਲੇ ਵੀ ਜਗਦੀਆਂ ਰਹਿੰਦੀਆਂ ਹਨ, ਜਿਸ ਬਾਰੇ ਈਓ ਅਤੇ ਹੋਰ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋਇਆ। ਨਗਰ ਕੌਂਸਲ ਦਫ਼ਤਰ ਦੇ ਬਿਲਕੁਲ ਸਾਹਮਣੇ ਅਤੇ ਗੁਰੂ ਗੋਬਿੰਦ ਸਿੰਘ ਪਾਰਕ ਦੇ ਨਜ਼ਦੀਕ ਕੂੜੇ ਦੇ ਵੱਡੇ ਡੰਪ ਬਣ ਚੁੱਕੇ ਹਨ। ਬਾਜ਼ਾਰਾਂ ’ਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕਾਂ ’ਤੇ ਜਮ੍ਹਾਂ ਹੋ ਰਿਹਾ ਹੈ। ਸਮਾਜ ਸੇਵੀਆਂ ਨੇ ਸਫ਼ਾਈ ਵਿਵਸਥਾ ਨੂੰ ਪਟੜੀ ਤੇ ਲਿਆਉਣ ਅਤੇ ਕੂੜਾ ਫੈਲਾਉਣ ਵਾਲੇ ਗੈਰ-ਜ਼ਿੰਮੇਵਾਰ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵਕਾਲਤ ਕੀਤੀ। ਸ਼ਹਿਰ ਦੇ ਸੁੰਦਰੀਕਰਨ ਅਤੇ ਨਵੇਂ ਪਾਰਕਾਂ ਦੀ ਲੋੜ ਵਫ਼ਦ ਨੇ ਮੰਗ ਕੀਤੀ ਕਿ ਬਠਿੰਡਾ ਰੋਡ ਬਾਈਪਾਸ ਸਥਿਤ ਸ਼ਹਿਰ ਦੇ ਇੱਕਮਾਤਰ ਗੋਲ ਚੌਂਕ ਦੀ ਹਾਲਤ ਸੁਧਾਰ ਕੇ ਉਸ ਨੂੰ ਦੂਜੇ ਆਧੁਨਿਕ ਸ਼ਹਿਰਾਂ ਵਾਂਗ ਸੁੰਦਰ ਬਣਾਇਆ ਜਾਵੇ। ਇਸ ਤੋਂ ਇਲਾਵਾ ਜਲਾਲਾਬਾਦ ਰੋਡ, ਗੁਰੂਹਰਸਹਾਏ ਰੋਡ ਅਤੇ ਅਬੋਹਰ ਰੋਡ ਤੇ ਕੋਈ ਵੀ ਜਨਤਕ ਪਾਰਕ ਨਹੀਂ ਹੈ, ਜਿਸ ਕਾਰਨ ਇਨ੍ਹਾਂ ਖੇਤਰਾਂ ਵਿੱਚ ਨਵੇਂ ਪਾਰਕ ਵਿਕਸਿਤ ਕੀਤੇ ਜਾਣ। ਨਾਲ ਹੀ ਇਤਿਹਾਸਕ ਗੁਰੂ ਗੋਬਿੰਦ ਸਿੰਘ ਪਾਰਕ ਅਤੇ ਮੁਕਤੇ ਮੀਨਾਰ ਦੀ ਹਾਲਤ ਵਿੱਚ ਵੀ ਸੁਧਾਰ ਕੀਤਾ ਜਾਵੇ। ਸਮਾਜਸੇਵੀ ਸੰਸਥਾਵਾਂ ਨੂੰ ਸਰਕਾਰੀ ਸਹਿਯੋਗ ਦੀ ਲੋੜ ਬਾਬਾ ਸ਼ਨੀਦੇਵ ਦੇਵ ਸੁਸਾਇਟੀ ਜੋ ਪਿਛਲੇ ਲੰਮੇ ਸਮੇਂ ਤੋਂ ਲਾਵਾਰਿਸ ਲਾਸ਼ਾਂ ਦਾ ਪੂਰੇ ਰੀਤੀ-ਰਿਵਾਜਾਂ ਨਾਲ ਸਸਕਾਰ ਕਰ ਰਹੀ ਹੈ, ਪਰ ਬਿਨਾਂ ਕਿਸੇ ਸਰਕਾਰੀ ਮਦਦ ਦੇ ਚੱਲ ਰਹੀ ਹੈ। ਸੰਸਥਾ ਲਈ ਇੱਕ ਐਂਬੂਲੈਂਸ (ਸ਼ਵ ਵਾਹਨ) ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਆਈ ਡੋਨੇਸ਼ਨ ਸੁਸਾਇਟੀ ਜੋ ਹੁਣ ਤੱਕ ਲਗਭਗ 1550 ਅੰਨ੍ਹੇ ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਰੋਸ਼ਨ ਕਰ ਚੁੱਕੀ ਹੈ। ਇਸ ਦੇ ਮੈਂਬਰ ਸਾਰਾ ਖ਼ਰਚਾ ਆਪਣੀ ਜੇਬ ਵਿੱਚੋਂ ਕਰਦੇ ਹਨ। ਵਫ਼ਦ ਨੇ ਇਨ੍ਹਾਂ ਸੰਸਥਾਵਾਂ ਨੂੰ ਸਰਕਾਰੀ ਪੱਧਰ ਤੇ ਆਰਥਿਕ ਸਹਿਯੋਗ ਦੇਣ ਦੀ ਅਪੀਲ ਕੀਤੀ। ਜਲਦ ਬੁਲਾਈ ਜਾਵੇਗੀ ਹਾਊਸ ਦੀ ਮੀਟਿੰਗ : ਪ੍ਰਧਾਨ ਗੁੰਬਰ ਸਮਾਜ ਸੇਵੀਆਂ ਅਤੇ ਸ਼ਹਿਰ ਵਾਸੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਨ ਤੋਂ ਬਾਅਦ, ਨਗਰ ਕੌਂਸਲ ਪ੍ਰਧਾਨ ਯੋਗਿਤਾ ਗੁੰਬਰ ਨੇ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਅਜੇ ਕੁਝ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ। ਬਹੁਤ ਜਲਦ ਹਾਊਸ ਦੀ ਪਹਿਲੀ ਬੈਠਕ ਬੁਲਾ ਕੇ ਸਾਰੇ ਕੌਂਸਲਰਾਂ ਦੀ ਸਹਿਮਤੀ ਨਾਲ ਇਨ੍ਹਾਂ ਸਾਰੇ ਮੁੱਦਿਆਂ ’ਤੇ ਮਤੇ ਪਾਸ ਕੀਤੇ ਜਾਣਗੇ ਅਤੇ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ।