ਵਿਕਾਸ ਦੇ ਨਾਂ ’ਤੇ ਸੜਕਾਂ ਪੁੱਟੀਆਂ, ਆਵਾਜਾਈ ਠੱਪ, ਸ਼ਹਿਰ ਦਾ ਹਾਲ ਬੇਹਾਲ ਵਿਕਾਸ ਦੇ ਨਾਂ ’ਤੇ ਸ਼ਹਿਰ ਦਾ ਹਾਲ ਬੇਹਾਲ, ਸੜਕਾਂ ਪੁੱਟੀਆਂ, ਆਵਾਜਾਈ ਠੱਪ
Publish Date: Tue, 14 Jul 2026 06:10 PM (IST)
Updated Date: Tue, 14 Jul 2026 06:12 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਸੀਵਰੇਜ ਅਤੇ ਵਾਟਰ ਸਪਲਾਈ ਸਿਸਟਮ ਨੂੰ ਆਧੁਨਿਕ ਬਣਾਉਣ ਲਈ ‘ਅੰਮ੍ਰਿਤ-2.0’ ਯੋਜਨਾ ਤਹਿਤ 138.82 ਕਰੋੜ ਰੁਪਏ ਦੇ ਮੈਗਾ ਪ੍ਰੋਜੈਕਟ ’ਤੇ ਕੰਮ ਚੱਲ ਰਿਹਾ ਹੈ। ਪ੍ਰੋਜੈਕਟ ਪੂਰਾ ਹੋਣ ’ਤੇ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ, ਪਰ ਫਿਲਹਾਲ ਕੰਮ ਦੇ ਵਿਚਾਲੇ ਹੀ ਪੂਰੇ ਸ਼ਹਿਰ ਦਾ ਹਾਲ ਬੇਹਾਲ ਹੋ ਚੁੱਕਾ ਹੈ। ਨਗਰ ਕੌਂਸਲ ਦੀ ਬਿਨਾਂ ਯੋਜਨਾ (ਅਨਪਲਾਨਡ) ਕੀਤੀ ਖੁਦਾਈ ਕਾਰਨ ਲੋਕਾਂ ਦਾ ਰੋਜ਼ਾਨਾ ਜੀਵਨ ਨਰਕ ਬਣ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਗਲੀਆਂ ਨੂੰ ਥਾਂ-ਥਾਂ ਤੋਂ ਪੁੱਟ ਦਿੱਤਾ ਗਿਆ ਹੈ। ਮਲੋਟ ਰੋਡ, ਕੋਟਕਪੂਰਾ ਰੋਡ, ਅਬੋਹਰ ਰੋਡ ਤੋਂ ਇਲਾਵਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਸੱਤਾਂ ਵਿੱਚੋਂ ਛੇ ਨਾਕੇ, ਨਿਹੰਗਾਂ ਦੀ ਛਾਉਣੀ ਦਾ ਨਾਕਾ ਨੰਬਰ ਛੇ ਅਤੇ ਗੁਰਦੁਆਰਾ ਦਾਤਨਸਰ ਸਾਹਿਬ ਨੂੰ ਜਾਣ ਵਾਲਾ ਰਸਤਾ ਵੀ ਪੁੱਟਿਆ ਪਿਆ ਹੈ। ਠੇਕੇਦਾਰਾਂ ਨੇ ਟੋਏ ਪੁੱਟ ਕੇ ਉਨ੍ਹਾਂ ਨੂੰ ਇੰਝ ਹੀ ਖੁੱਲ੍ਹਾ ਛੱਡ ਦਿੱਤਾ ਹੈ ਅਤੇ ਕਈ ਥਾਵਾਂ ਤੋਂ ਉਖਾੜੀਆਂ ਗਈਆਂ ਇੰਟਰਲਾਕ ਟਾਈਲਾਂ ਵੀ ਸੜਕਾਂ ’ਤੇ ਖਿੱਲਰੀਆਂ ਪਈਆਂ ਹਨ। ਖੁਦਾਈ ਕਾਰਨ ਸ਼ਹਿਰ ਵਿੱਚ ਲੰਬੇ ਜਾਮ ਲੱਗ ਰਹੇ ਹਨ। ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤ ਆ ਰਹੀ ਹੈ। ਛਾਉਣੀ ਖੇਤਰ ਅਤੇ ਆਸ-ਪਾਸ ਦੀਆਂ ਗਲੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰ ਗਿਆ ਹੈ, ਜਿਸ ਕਾਰਨ ਸੈਂਕੜੇ ਘਰਾਂ ਦੇ ਲੋਕ ਗੰਦਗੀ ਅਤੇ ਬਦਬੂ ਦੇ ਵਿਚਕਾਰ ਰਹਿਣ ਲਈ ਮਜਬੂਰ ਹਨ। ਗੁਰਦੁਆਰਾ ਸਾਹਿਬ ਦੇ ਬਾਹਰ ਸੰਗਤਾਂ ਪਰੇਸ਼ਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਚੱਲ ਰਿਹਾ ਪਾਈਪਲਾਈਨ ਦਾ ਕੰਮ ਕਈ ਥਾਵਾਂ ’ਤੇ ਪੂਰਾ ਹੋ ਚੁੱਕਾ ਹੈ, ਪਰ ਸੜਕ ਅਜੇ ਤੱਕ ਠੀਕ ਨਹੀਂ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਨਿਰਮਲਜੀਤ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਗਤ ਦੀ ਸਹੂਲਤ ਲਈ ਤੁਰੰਤ ਸੜਕ ਦੀ ਮੁਰੰਮਤ ਕਰਵਾਈ ਜਾਵੇ। ਸੜਕ ਖ਼ਰਾਬ ਹੋਣ ਕਾਰਨ ਸ਼ਰਧਾਲੂਆਂ ਨੂੰ ਆਪਣੀਆਂ ਗੱਡੀਆਂ ਗੁਰਦੁਆਰਾ ਸਾਹਿਬ ਤੋਂ ਕਾਫੀ ਦੂਰ ਖੜ੍ਹੀਆਂ ਕਰਕੇ ਪੈਦਲ ਆਉਣਾ ਪੈ ਰਿਹਾ ਹੈ। ਬਜ਼ੁਰਗਾਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮੀਂਹ ਕਾਰਨ ਵੱਧ ਸਕਦਾ ਹੈ ਖ਼ਤਰਾ ਸਥਾਨਕ ਨਿਵਾਸੀ ਜਗਤਾਰ ਸਿੰਘ, ਹਰਪਾਲ ਸਿੰਘ ਅਤੇ ਗੌਰਵ ਦਾ ਕਹਿਣਾ ਹੈ ਕਿ ਮਾਨਸੂਨ ਦੇ ਚੱਲਦਿਆਂ ਸਥਿਤੀ ਹੋਰ ਵੀ ਖ਼ਰਾਬ ਹੋ ਸਕਦੀ ਹੈ। ਜੇਕਰ ਤੇਜ਼ ਮੀਂਹ ਪੈਂਦਾ ਹੈ ਤਾਂ ਖੁੱਲ੍ਹੇ ਟੋਇਆਂ ਵਿੱਚ ਪਾਣੀ ਭਰ ਜਾਵੇਗਾ ਅਤੇ ਸ਼ਹਿਰ ਦੇ ਹੇਠਲੇ ਇਲਾਕਿਆਂ ਵਿੱਚ ਜਲ-ਥਲ ਦੀ ਸਮੱਸਿਆ ਵਧ ਜਾਵੇਗੀ। ਇਸ ਨਾਲ ਹਾਦਸਿਆਂ ਦਾ ਖ਼ਤਰਾ ਵੀ ਬਹੁਤ ਵੱਧ ਗਿਆ ਹੈ। ‘ਸੁਵਿਧਾ’ ਬਣੀ ‘ਦੁਵਿਧਾ’ ਨਗਰ ਕੌਂਸਲ ਪ੍ਰਧਾਨ ਯੋਗਿਤਾ ਗੁੰਬਰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਇਹ ਵਿਕਾਸ ਕਾਰਜ ਲੋਕਾਂ ਦੀ ਸਹੂਲਤ ਲਈ ਹੀ ਹੈ ਅਤੇ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ ਪਰ ਜ਼ਮੀਨੀ ਹਕੀਕਤ ਹਾਲੇ ਵੀ ਉਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਹੂਲਤ ਮਿਲਣ ਤੋਂ ਪਹਿਲਾਂ ਹੀ ਇਹ ਵਿਕਾਸ ਉਨ੍ਹਾਂ ਲਈ ਵੱਡੀ ‘ਦੁਵਿਧਾ’ ਬਣ ਚੁੱਕਾ ਹੈ।