ਬੇਤਰਤੀਬੇ ਟਰੈਫਿਕ ਤੇ ਨਾਜਾਇਜ਼ ਕਬਜ਼ਿਆਂ ਨੇ ‘ਗੱਡੀ ਲੀਹੋਂ ਲਾਹੀ’ ਬੇਤਰਤੀਬੇ ਟਰੈਫਿਕ ਅਤੇ ਨਜਾਇਜ਼ ਕਬਜ਼ਿਆਂ ਨੇ ਮੁਕਤਸਰੀਆਂ ਦੀ ‘ਗੱਡੀ ਲੀਹੋਂ ਲਾਹੀ’
Publish Date: Sun, 27 Sep 2026 04:07 PM (IST)
Updated Date: Sun, 27 Sep 2026 04:09 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : 40 ਮੁਕਤਿਆਂ ਦੀ ਪਵਿੱਤਰ ਧਰਤੀ ਅਤੇ ਜ਼ਿਲ੍ਹਾ ਹੈੱਡਕੁਆਰਟਰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਅੱਜ-ਕੱਲ੍ਹ ਗੰਭੀਰ ਟਰੈਫਿਕ ਸਮੱਸਿਆ ਅਤੇ ਨਜਾਇਜ਼ ਕਬਜ਼ਿਆਂ ਦੀ ਗ੍ਰਿਫ਼ਤ ’ਚ ਹੈ। ਸੈਂਕੜੇ ਪਿੰਡਾਂ ਦਾ ਕੇਂਦਰ ਬਿੰਦੂ ਹੋਣ ਕਰਕੇ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਜ਼ਰੂਰੀ ਕੰਮਾਂ-ਕਾਰਾਂ ਲਈ ਸ਼ਹਿਰ ਆਉਂਦੇ ਹਨ, ਪਰ ਸੜਕਾਂ ’ਤੇ ਲੱਗਦੇ ਘੰਟਿਆਂ ਬੱਧੀ ਜਾਮ ਨੇ ਆਮ ਜਨ-ਜੀਵਨ ਬੁਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਸਭ ਤੋਂ ਮਾੜਾ ਅਸਰ ਸਕੂਲ-ਕਾਲਜ ਦੇ ਵਿਦਿਆਰਥੀਆਂ, ਦਫ਼ਤਰੀ ਮੁਲਾਜ਼ਮਾਂ ਅਤੇ ਐਮਰਜੈਂਸੀ ਮਰੀਜ਼ਾਂ ’ਤੇ ਪੈ ਰਿਹਾ ਹੈ। ਬੀਤੇ ਦਿਨੀਂ ਪਿੰਡ ਹਰੀਕੇ ਕਲਾਂ ਦੇ ਇੱਕ ਹਾਦਸਾਗ੍ਰਸਤ ਜ਼ਖ਼ਮੀ ਨੌਜਵਾਨ ਨੂੰ ਨਿੱਜੀ ਹਸਪਤਾਲ ਪਹੁੰਚਾਉਣ ਲਈ ਮਹਿਜ਼ 2 ਕਿਲੋਮੀਟਰ ਦਾ ਸਫ਼ਰ ਤੈਅ ਕਰਨ ’ਚ 2 ਘੰਟੇ ਲੱਗ ਗਏ। ਇਸ ਦੌਰਾਨ ਮਰੀਜ਼ ਦੀ ਜਾਨ ਬੇਹੱਦ ਖ਼ਤਰੇ ’ਚ ਰਹੀ। ਸ਼ਹਿਰ ਵਾਸੀਆਂ ’ਚ ਹਰ ਵੇਲੇ ਇਹ ਖ਼ੌਫ਼ ਬਣਿਆ ਰਹਿੰਦਾ ਹੈ ਕਿ ਉਹ ਸਮੇਂ ਸਿਰ ਆਪਣੀ ਮੰਜ਼ਿਲ ’ਤੇ ਪਹੁੰਚ ਵੀ ਸਕਣਗੇ ਜਾਂ ਨਹੀਂ। ਬੇਤਰਤੀਬੀ, ਕਬਜ਼ੇ ਤੇ ਗ਼ਲਤ ਪਾਰਕਿੰਗ ਜ਼ਮੀਨੀ ਸਰਵੇਖਣ ਅਨੁਸਾਰ ਸਮੱਸਿਆ ਸੜਕਾਂ ਦੇ ਭੀੜੀਆਂ ਹੋਣ ਨਾਲੋਂ ਜ਼ਿਆਦਾ ਬੇਤਰਤੀਬੇ ਟਰੈਫਿਕ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਕਰਕੇ ਹੈ। ਇਸਤੋਂ ਇਲਾਵਾ, ਲੋਕ ਆਪਣੇ ਵਾਹਨ ਸੜਕਾਂ ’ਤੇ ਹੀ ਪਾਰਕ ਕਰਕੇ ਘੰਟਿਆਂ ਬੱਧੀ ਗਾਇਬ ਹੋ ਜਾਂਦੇ ਹਨ, ਜਿਸ ਨਾਲ ਪੈਦਲ ਚੱਲਣ ਵਾਲਿਆਂ ਲਈ ਵੀ ਜਗ੍ਹਾ ਨਹੀਂ ਬਚਦੀ। ਸੜਕਾਂ ’ਤੇ ਡਿਵਾਈਡਰ ਨਾ ਹੋਣ ਕਰਕੇ ਵਾਹਨ ਆਹਮੋ-ਸਾਹਮਣੇ ਫਸ ਜਾਂਦੇ ਹਨ। ਸਿਗਨਲਾਂ ਦੀ ਘਾਟ ਤੇ ਪੁਲਿਸ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਸ਼ਹਿਰ ਦੇ ਕਿਸੇ ਵੀ ਚੌਂਕ ’ਚ ਟਰੈਫਿਕ ਸਿਗਨਲ ਨਹੀਂ ਲੱਗੇ ਹੋਏ। ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਟਰੈਫਿਕ ਕਰਮਚਾਰੀ ਜਾਮ ਖੁੱਲ੍ਹਵਾਉਣ ਦੀ ਬਜਾਏ ਮਸੀਤ ਵਾਲਾ ਚੌਂਕ ਅਤੇ ਗੁਰੂ ਗੋਬਿੰਦ ਸਿੰਘ ਪਾਰਕ ਨੇੜੇ ਨਾਕੇ ਲਾ ਕੇ ਸਿਰਫ਼ ਚਲਾਨ ਕੱਟਣ ਦੀ ਖਾਨਾਪੂਰਤੀ ਕਰਦੇ ਹਨ, ਜਿਸ ਨਾਲ ਟਰੈਫਿਕ ਹੋਰ ਬੇਕਾਬੂ ਹੋ ਜਾਂਦਾ ਹੈ।ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸੜਕਾਂ ਦੇ ਵਿਚਕਾਰ ਤੁਰੰਤ ਡਿਵਾਈਡਰ ਬਣਾਏ ਜਾਣ, ਸੜਕਾਂ ਅਤੇ ਬਾਜ਼ਾਰਾਂ ਵਿੱਚੋਂ ਨਜਾਇਜ਼ ਕਬਜ਼ੇ ਹਟਾਏ ਜਾਣ ਅਤੇ ਵਾਹਨਾਂ ਦੀ ਪਾਰਕਿੰਗ ਲਈ ਖ਼ਾਸ ਥਾਂ ਨਿਸ਼ਾਨਦੇਹ ਕੀਤੀ ਜਾਵੇ। ਜਲਦ ਹੀ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਵੱਡੀ ਮੁਹਿੰਮ ਚਲਾਈ ਜਾਵੇਗੀ ਉਧਰ ਨਗਰ ਕੌਂਸਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਵਾਰ ਨੋਟਿਸ ਅਤੇ ਚਲਾਨ ਦੇਣ ਦੇ ਬਾਵਜੂਦ ਕੁੱਝ ਦੁਕਾਨਦਾਰ ਨਜਾਇਜ਼ ਕਬਜ਼ੇ ਕਰਨ ਤੋਂ ਬਾਜ਼ ਨਹੀਂ ਆ ਰਹੇ। ਜਲਦ ਹੀ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਵੱਡੀ ਮੁਹਿੰਮ ਚਲਾਈ ਜਾਵੇਗੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਅਨੁਸਾਰ ਸ਼ਹਿਰ ’ਚ ਸੜਕਾਂ ਪੁੱਟੀਆਂ ਹੋਣ ਕਰਕੇ ਦਿੱਕਤ ਆ ਰਹੀ ਹੈ। ਉਨ੍ਹਾਂ ਆਮ ਜਨਤਾ ਨੂੰ ਵੀ ਸੜਕਾਂ ’ਤੇ ਵਾਹਨ ਨਾ ਖੜ੍ਹੇ ਕਰਨ ਦੀ ਅਪੀਲ ਕੀਤੀ।