ਲੱਖਾਂ ਰੁਪਏ ਦੀ ਕਣਕ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਪਰਚਾ
ਲੱਖਾਂ ਰੁਪਏ ਦੀ ਕਣਕ ਖੁਰਦ ਬੁਰਦ ਕਰਨ ਦੇ ਮਾਮਲੇ ’ਚ ਇਕ ਵਿਰੁੱਧ ਮਾਮਲਾ ਦਰਜ
Publish Date: Mon, 16 Feb 2026 05:12 PM (IST)
Updated Date: Mon, 16 Feb 2026 05:15 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਗਿੱਦੜਬਾਹਾ : ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਟਰੱਕ (ਘੋੜਾ) ਮਾਲਕ ਵਿਰੁੱਧ ਲੱਖਾਂ ਰੁਪਏ ਦੀ ਕਣਕ ਖੁਰਦ ਬੁਰਦ ਕਰਨ ਸਬੰਧੀ ਮੁਕੱਦਮਾ ਦਰਜ ਕੀਤਾ ਹੈ ਜਦਕਿ ਮੁਕੱਦਮੇ ਦਾ ਕਥਿਤ ਮੁਲਜ਼ਮ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ। ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ’ਚ ਪੀੜ੍ਹਤ ਪ੍ਰਦੀਪ ਨਾਰੰਗ ਪੁੱਤਰ ਦੇਵ ਰਾਜ ਨਾਰੰਗ ਵਾਸੀ ਹਨੂੰਮਾਨਗੜ੍ਹ ਜੰਕਸ਼ਨ ਜਿਲ੍ਹਾ ਹਨੂੰਮਾਨਗੜ ਨੇ ਦੱਸਿਆ ਕਿ ਉਹ ਸੰਗਰੀਆ ਰੋਡ ਹਨੂੰਮਾਨਗੜ ਵਿਖੇ ਨਾਰੰਗ ਟਰਾਂਸਪੋਰਟ ਕੰਪਨੀ ਦੇ ਨਾਮ ’ਤੇ ਕਾਰੋਬਾਰ ਕਰਦਾ ਹੈ। ਉਨ੍ਹਾਂ ਵੱਲੋਂ ਰਾਜ ਸਿੰਘ ਭੁੱਲਰ ਪੁੱਤਰ ਸੰਤ ਸਿੰਘ ਵਾਸੀ ਕੋਠੇ ਬਰੜੇਵਾਲੇ ਕੋਟਲੀ ਅਬਲੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਟਰੱਕ (ਘੋੜਾ) ਨੰ ਆਰਜੇ 07 ਜੀਏ 9604 ਫਰਮ ਮੈਸ. ਅਗਰਵਾਲ ਟਰੇਡਿੰਗ ਕੰਪਨੀ ਟਿੱਬੀ ਹਨੂੰਮਾਨਗੜ੍ਹ ਨੂੰ ਦੁਰਗਾ ਸੀਡ ਗਿੱਦੜਬਾਹਾ ਤੋਂ ਲੋਡਿੰਗ ਕਰਕੇ ਗਲੀ ਨੰਬਰ 20 ਰਾਮਪੂਰਾ ਬਸਤੀ ਬੀਕੇਨਰ ਲਈ ਦਿੱਤਾ ਸੀ। ਜਿਸ ਤੇ ਉਕਤ ਰਾਜ ਸਿੰਘ ਭੁੱਲਰ ਵੱਲੋਂ ਦੁਰਗਾ ਸੀਡ ਦੇ ਗੋਦਾਮ ਲੰਬੀ ਰੋਡ ਗਿੱਦੜਬਾਹਾ ਤੋਂ ਬੀਤੀ 8 ਫਰਵਰੀ ਨੂੰ ਰਾਤ ਕਰੀਬ 11:30 ਵਜੇ 850 ਗੱਟੇ ਕਣਕ (ਕਰੀਬ 430 ਕੁਇੰਟਲ) ਭਰਵਾਈ ਸੀ ਜਿਸਦੀ ਕੀਮਤ 11,52,534 ਬਣਦੀ ਸੀ। ਉਕਤ ਰਾਜ ਸਿੰਘ ਨੇ ਬਤੌਰ ਅਮਾਨਤ ਲੋਡ ਕੀਤੀ ਉਕਤ ਕਣਕ ਬੀਕਾਨੇਰ ਪਹੁੰਚਾਉਣ ਦੀ ਜਗ੍ਹਾ ਤੇ ਧੋਖਾਧੜੀ ਕਰਦੇ ਹੋਏ ਉਕਤ ਕਣਕ ਨੂੰ ਖੁਰਦ ਬੁਰਦ ਕਰ ਦਿੱਤਾ ਹੈ। ਉਕਤ ਮਾਮਲੇ ’ਚ ਪੁਲਿਸ ਨੇ ਰਾਜ ਸਿੰਘ ਭੁੱਲਰ ਪੁੱਤਰ ਸੰਤ ਸਿੰਘ ਵਾਸੀ ਕੋਠੇ ਬਰੜੇਵਾਲੇ ਕੋਟਲੀ ਅਬਲੂ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।