ਗਿੱਦੜਬਾਹਾ ’ਚ ਨਿੱਜੀ ਯਾਰਡ ’ਚ ਅਣਅਧਿਕਾਰਤ ਝੋਨਾ ਪਾਏ ਜਾਣ ਦਾ ਮਾਮਲਾ ਆਇਆ ਸਾਹਮਣੇ ਗਿੱਦੜਬਾਹਾ ’ਚ ਨਿੱਜੀ ਯਾਰਡ ’ਚ ਅਣਅਧਿਕਾਰਤ ਝੋਨਾ ਪਾਏ ਜਾਣ ਦਾ ਮਾਮਲਾ ਆਇਆ ਸਾਹਮਣੇ
Publish Date: Sun, 18 Oct 2026 04:30 PM (IST)
Updated Date: Sun, 18 Oct 2026 04:33 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਵਿਖੇ ਇਕ ਪ੍ਰਾਈਵੇਟ ਯਾਰਡ ’ਚੋਂ ਅਣਅਧਿਕਾਰਤ ਤੌਰ ’ਤੇ ਮੌਜੂਦ ਝੋਨਾ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗਿੱਦੜਬਾਹਾ ਦੇ ਏਐੱਫਐੱਸਓ ਰੁਪਿੰਦਰ ਸਿੰਘ ਵੱਲੋਂ ਡੀਐੱਫਐੱਸਸੀ ਸ੍ਰੀ ਮੁਕਤਸਰ ਸਾਹਿਬ ਨੂੰ ਪੱਤਰ ਜਾਰੀ ਕਰਕੇ ਦੱਸਿਆ ਕਿ ਸਕੱਤਰ ਮਾਰਕੀਟ ਕਮੇਟੀ ਗਿੱਦੜਬਾਹਾ ਵੱਲੋਂ ਮੈਸ. ਅਸ਼ੋਕ ਕੁਮਾਰ ਐਂਡ ਸੰਜਨਜ ਪ੍ਰਾਇਵੇਟ ਯਾਰਡ ਮਧੀਰ ਰੋਡ ਗਿੱਦੜਬਾਹਾ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਸੀ। ਜਦੋਂ ਉਹ ਉਕਤ ਮੈਸ. ਅਸ਼ੋਕ ਕੁਮਾਰ ਐਂਡ ਸੰਜਨਜ ਪ੍ਰਾਇਵੇਟ ਯਾਰਡ ਵਿਖੇ ਪੁੱਜੇ ਤਾਂ ਪਾਇਆ ਕਿ ਉਕਤ ਯਾਰਡ ਵਿਚ ਪਹਿਲਾਂ ਤੋਂ ਹੀ ਅਣਅਧਿਕਾਰਤ ਤੌਰ ’ਤੇ ਖੁੱਲ੍ਹਾ ਝੋਨਾ (ਕਰੀਬ 10 ਢੇਰੀਆਂ) ਅਤੇ 500 ਗੱਟਿਆਂ ਵਿਚ ਭਰਿਆ ਝੋਨਾ ਪਾਇਆ ਗਿਆ, ਜਿਸ ਸੰਬੰਧੀ ਵਿਭਾਗ ਵੱਲੋਂ ਵੀਡੀਓਗ੍ਰਾਫੀ ਵੀ ਕੀਤੀ ਗਈ। ਇਹ ਅਣਅਧਿਕਾਰਤ ਤੌਰ ’ਤੇ ਮਿਲਿਆ ਝੋਨਾ ਮੈਸ. ਰਿੱਧੀ ਸਿੱਧੀ ਰਾਈਸ ਐਂਡ ਜਨਰਲ ਮਿੱਲਜ ਮਧੀਰ ਰੋਡ, ਗਿੱਦੜਬਾਹਾ ਜੋ ਕਿ ਮਾਰਕਫੈਡ ਗਿੱਦੜਬਾਹਾ ਨੂੰ ਅਲਾਟ ਹੈ, ਦੇ ਬਾਰਦਾਨੇ ਵਿਚ ਭਰਿਆ ਹੋਇਆ ਸੀ, ਜਿਸਨੂੰ ਮੈਸ. ਰਿੱਧੀ ਸਿੱਧੀ ਰਾਈਸ ਮਿਲਜ ਵੱਲੋਂ ਗੇਟਪਾਸ ਕੱਟ ਕੇ ਉਕਤ ਪ੍ਰਾਇਵੇਟ ਯਾਰਡ ਵਿਖੇ ਭੇਜਿਆ ਗਿਆ ਹੈ। ਉਕਤ ਮਾਮਲੇ ’ਚ ਮੁਢਲੀ ਜਾਂਚ ਤੋਂ ਇਹ ਪਾਇਆ ਗਿਆ ਹੈ ਕਿ ਉਕਤ ਅਸ਼ੋਕ ਕੁਮਾਰ ਐਂਡ ਸੰਨਜ ਪ੍ਰਾਇਵੇਟ ਯਾਰਡ ਅਤੇ ਰਿੱਧੀ ਸਿੱਧੀ ਰਾਈਸ ਮਿਲਜ ਦੋਵਾਂ ਵੱਲੋਂ ਮਿਲੀਭੁਗਤ ਨਾਲ ਅਣਅਧਿਕਾਰਤ ਝੋਨਾ ਭਰਿਆ ਗਿਆ ਹੈ, ਜਿਸ ਨਾਲ ਸਰਕਾਰ ਦਾ ਵਿੱਤੀ ਨੁਕਸਾਨ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਐੱਫਐੱਸਓ ਰੁਪਿੰਦਰ ਸਿੰਘ ਨੇ ਦੱਸਿਆ ਕਿ ਸਕੱਤਰ ਮਾਰਕੀਟ ਕਮੇਟੀ ਗਿੱਦੜਬਾਹਾ ਵੱਲੋਂ ਪ੍ਰਾਈਵੇਟ ਤੌਰ ’ਤੇ ਯਾਰਡ ਅਲਾਟਮੈਂਟ ਲਈ 10 ਅਰਜੀਆਂ ਆਈਆਂ ਸਨ ਅਤੇ ਉਨ੍ਹਾਂ ਵੱਲੋਂ ਉਕਤ 10 ਯਾਰਡਾਂ ਦੀ ਜਾਂਚ ਉਪਰੰਤ ਸਾਰੇ ਯਾਰਡ ਪਾਸ ਕਰ ਦਿੱਤੇ ਸਨ ਅਤੇ ਇਸ ਤੋਂ ਬੀਤੇ ਦਿਨ ਮਾਰਕੀਟ ਕਮੇਟੀ ਵੱਲੋਂ 4 ਹੋਰ ਪ੍ਰਾਈਵੇਟ ਯਾਰਡਾਂ ਸੰਬੰਧੀ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਜਿਸ ਤੇ ਉਕਤ 4 ਯਾਰਡਾਂ ਦੇ ਮਾਣਕ ਚੈਕ ਕਰਨ ਲਈ ਜਦੋਂ ਉਨ੍ਹਾਂ ਉਕਤ ਯਾਰਡਾਂ ਵਿਚ ਨਿੱਜੀ ਤੌਰ ’ਤੇ ਵੀਜਿਟ ਕੀਤੀ ਤਾਂ ਪਾਇਆ ਕਿ ਉਕਤ ਅਸ਼ੋਕ ਕੁਮਾਰ ਐਂਡ ਸੰਨਜ ਪ੍ਰਾਇਵੇਟ ਯਾਰਡ ਵਿਚ ਪਹਿਲਾਂ ਹੀ ਅਣਅਧਿਕਾਰਤ ਤੌਰ ਤੇ 10 ਢੇਰੀਆਂ ਝੋਨੇ ਤੋਂ ਇਲਾਵਾ 500 ਗੱਟੇ ਝੋਨਾ ਭਰਿਆ ਹੋਣਾ ਪਾਇਆ ਗਿਆ, ਜਿਸ ਸੰਬੰਧੀ ਕਾਰਵਾਈ ਕਰਨ ਲਈ ਉਨ੍ਹਾਂ ਉਚ ਅਧਿਕਾਰੀਆਂ ਨੂੰ ਰਿਪੋਰਟ ਕਰ ਦਿੱਤੀ ਗਈ ਹੈ।