ਕਰੀਅਰ ਕਾਊਂਸਲਿੰਗ ਟ੍ਰੇਨਿੰਗ ਸਫਲਤਾਪੂਰਵਕ ਸਮਾਪਤ ਸਕੂਲ ਆਫ਼ ਐਮੀਨੈਂਸ ਅਬੁੱਲ ਖੁਰਾਣਾ ਵਿਖੇ ਕਰੀਅਰ ਕਾਊਂਸਲਿੰਗ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ
Publish Date: Thu, 15 Oct 2026 04:38 PM (IST)
Updated Date: Fri, 16 Oct 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼ (ਅਬੁੱਲ ਖੁਰਾਣਾ) ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਸਿੱਖਿਆ ਦਫ਼ਤਰ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ ਇੱਕ ਵਿਸ਼ੇਸ਼ ਕਰੀਅਰ ਕਾਊਂਸਲਿੰਗ ਮੀਟ ਅਤੇ ਕਰੀਅਰ ਗਾਈਡੈਂਸ ਕਾਨਫ਼ਰੰਸ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ’ਚ ਜ਼ਿਲ੍ਹੇ ਦੇ ਗਿੱਦੜਬਾਹਾ, ਲੰਬੀ ਅਤੇ ਮਲੋਟ ਬਲਾਕ ਦੇ ਵੱਖ-ਵੱਖ ਸਕੂਲਾਂ ਤੋਂ ਲਗਭਗ 50 ਅਧਿਆਪਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਹਰਭਜਨ ਸਿੰਘ, ਪਲੇਸਮੈਂਟ ਅਫ਼ਸਰ ਦਲਜੀਤ ਸਿੰਘ, ਪੰਜਾਬ ਐਂਡ ਸਿੰਧ ਬੈਂਕ ਦੇ ਜ਼ਿਲ੍ਹਾ ਕੋਆਰਡੀਨੇਟਰ ਅਫ਼ਸਰ ਹਰਪ੍ਰੀਤ ਸਿੰਘ, ਗੁਰੂ ਨਾਨਕ ਕਾਲਜ (ਸ੍ਰੀ ਮੁਕਤਸਰ ਸਾਹਿਬ) ਦੇ ਅਸਿਸਟੈਂਟ ਪ੍ਰੋਫੈਸਰ ਡਾ. ਸੁਨੀਲ ਅਰੋੜਾ, ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼ ਅਬੁੱਲ ਖੁਰਾਣਾ ਦੇ ਇੰਚਾਰਜ ਹਰੀਪਾਲ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਅਬੁੱਲ ਖੁਰਾਣਾ ਦੇ ਕੰਪਿਊਟਰ ਅਧਿਆਪਕ ਜਸਜੀਤ ਸਿੰਘ ਅਤੇ ਮੈਥ ਮਾਸਟਰ ਬਲਦੇਵ ਪ੍ਰਕਾਸ਼ ਤੋਂ ਇਲਾਵਾ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਅਕਾਦਮਿਕ ਮੈਂਟਰ ਲਖਬੀਰ ਸਿੰਘ, ਦਵਿੰਦਰ ਕੁਮਾਰ, ਪਰਦੀਪ ਕੁਮਾਰ ਅਤੇ ਮੰਗਾ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਟ੍ਰੇਨਿੰਗ ਦੌਰਾਨ ਹਾਜ਼ਰ ਅਧਿਆਪਕਾਂ ਨੂੰ ਬੈਂਕਿੰਗ ਸੈਕਟਰ ’ਚ ਸਰਕਾਰੀ ਨੌਕਰੀਆਂ, ਸਵੈ-ਰੋਜ਼ਗਾਰ ਦੇ ਮੌਕਿਆਂ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ’ਚ ਉੱਭਰ ਰਹੇ ਨਵੇਂ ਕਰੀਅਰ ਦੇ ਵਿਕਲਪਾਂ, ਸਰਕਾਰੀ ਨੌਕਰੀਆਂ ਦੀ ਤਿਆਰੀ ਅਤੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਚਲਾਈਆਂ ਜਾ ਰਹੀਆਂ ਵਿਭਿੰਨ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸਤੋਂ ਇਲਾਵਾ, ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ‘ਭਾਰਤੀ ਏਅਰਟੈੱਲ ਸਕਾਲਰਸ਼ਿਪ ਪ੍ਰੋਗਰਾਮ’ ਬਾਰੇ ਵੀ ਵਿਸ਼ੇਸ਼ ਤੌਰ ’ਤੇ ਜਾਗਰੂਕ ਕੀਤਾ ਗਿਆ, ਤਾਂ ਜੋ ਲੋੜਵੰਦ ਤੇ ਹੋਣਹਾਰ ਵਿਦਿਆਰਥੀ ਇਸ ਸਕਾਲਰਸ਼ਿਪ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਸ ਦੇ ਨਾਲ ਹੀ ਅਧਿਆਪਕਾਂ ਦੀ ਪੇਸ਼ੇਵਰ ਸਮਰੱਥਾ ਨੂੰ ਵਧਾਉਣ ਲਈ ‘ਦ ਟੀਚਰ ਐਪ’ ਦੀ ਮਹੱਤਤਾ ਤੇ ਵਰਤੋਂ ਬਾਰੇ ਵੀ ਜਾਣੂ ਕਰਵਾਇਆ ਗਿਆ।