ਪੰਥਕ ਏਕਤਾ ਤੇ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ 2027 ’ਚ ਨਵੀਂ ਦਿਸ਼ਾ ਦੇਣ ਦਾ ਸੱਦਾ : ਮਨਦੀਪ ਸੰਧੂ ਪੰਥਕ ਏਕਤਾ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ 2027 ’ਚ ਨਵੀਂ ਦਿਸ਼ਾ ਦੇਣ ਦਾ ਸੱਦਾ : ਮਨਦੀਪ ਕੌਰ ਸੰਧੂ
Publish Date: Wed, 12 Aug 2026 06:58 PM (IST)
Updated Date: Wed, 12 Aug 2026 06:59 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਥ ਦੀ ਚੜ੍ਹਦੀ ਕਲਾ, ਬੰਦੀ ਸਿੰਘਾਂ ਦੀ ਰਿਹਾਈ, ਪੰਥਕ ਏਕਤਾ ਅਤੇ ਪੰਜਾਬ ਦੇ ਹੱਕਾਂ ਦੀ ਮਜ਼ਬੂਤ ਆਵਾਜ਼ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਆਸੀ ਤਾਕਤ ਦੇਣ ਦੇ ਮਕਸਦ ਨਾਲ ਅੱਜ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਵੱਡੀ ਸ਼ਮੂਲੀਅਤ ਕੀਤੀ ਗਈ। ਪਾਰਟੀ ਆਗੂਆਂ ਅਤੇ ਵਰਕਰਾਂ ਦੀ ਸਰਗਰਮ ਹਾਜ਼ਰੀ ਨੇ ਹਲਕੇ ’ਚ ਬੀਬੀ ਮਨਦੀਪ ਕੌਰ ਸੰਧੂ ਦੀ ਉਮੀਦਵਾਰੀ ਅਤੇ ਚੋਣ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੱਤੀ। ਇਸ ਮੌਕੇ ਬੀਬੀ ਮਨਦੀਪ ਕੌਰ ਸੰਧੂ, ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ, ਨੇ ਕਿਹਾ ਕਿ 2027 ਦੀਆਂ ਚੋਣਾਂ ਸਿਰਫ਼ ਸੱਤਾ ਬਦਲਣ ਦੀ ਚੋਣ ਨਹੀਂ, ਸਗੋਂ ਪੰਜਾਬ ਦੇ ਹੱਕਾਂ, ਪੰਥਕ ਸਵੈ-ਮਾਣ ਅਤੇ ਆਪਣੇ ਫੈਸਲੇ ਆਪ ਕਰਨ ਦੀ ਸੋਚ ਨੂੰ ਮਜ਼ਬੂਤ ਕਰਨ ਦਾ ਮੌਕਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਾਰ-ਵਾਰ ਵੱਖ-ਵੱਖ ਪਾਰਟੀਆਂ ਨੂੰ ਮੌਕੇ ਦਿੱਤੇ ਹਨ, ਪਰ ਹੁਣ ਲੋੜ ਹੈ ਕਿ ਪੰਜਾਬ ਦੀ ਆਪਣੀ ਆਵਾਜ਼ ਅਤੇ ਪੰਥਕ ਮੁੱਦਿਆਂ ਨੂੰ ਕੇਂਦਰ ’ਚ ਰੱਖ ਕੇ ਸਿਆਸੀ ਫੈਸਲਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ, ਪੰਜਾਬੀ ਭਾਸ਼ਾ, ਕਿਸਾਨਾਂ ਦੇ ਹੱਕ, ਨੌਜਵਾਨਾਂ ਦੇ ਭਵਿੱਖ ਅਤੇ ਸਿੱਖ ਕੌਮ ਦੇ ਧਾਰਮਿਕ ਤੇ ਸਿਆਸੀ ਹੱਕ ਸਿਰਫ਼ ਚੋਣੀ ਮੁੱਦੇ ਨਹੀਂ, ਸਗੋਂ ਪੰਜਾਬ ਦੀ ਹੋਂਦ ਅਤੇ ਭਵਿੱਖ ਨਾਲ ਜੁੜੇ ਸਵਾਲ ਹਨ। ਇਨ੍ਹਾਂ ਮੁੱਦਿਆਂ ’ਤੇ ਸਮਝੌਤਾ ਕਰਨ ਦੀ ਬਜਾਏ ਮਜ਼ਬੂਤ ਅਤੇ ਨਿਰਭੈ ਸਿਆਸੀ ਆਵਾਜ਼ ਦੀ ਲੋੜ ਹੈ। ਬੀਬੀ ਮਨਦੀਪ ਕੌਰ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮਕਸਦ ਕੁਰਸੀ ਦੀ ਰਾਜਨੀਤੀ ਨਹੀਂ, ਬਲਕਿ ਪੰਜਾਬ ਅਤੇ ਪੰਥ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਨੂੰ ਸਿਆਸੀ ਤਾਕਤ ਦੇਣਾ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਹਿੱਤਾਂ, ਪੰਥਕ ਏਕਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਬਾਰੇ ਸੋਚਣ। ਇਸ ਮੌਕੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਵਾਰਿੰਗ, ਰੂਬੀ ਬਰਾੜ, ਇਕਬਾਲ ਸਿੰਘ, ਗੁਰਮੀਤ ਸਿੰਘ, ਬਲਜਿੰਦਰ ਸਿੰਘ ਬਰੀਵਾਲਾ, ਗੁਰਤੇਜ ਸਿੰਘ ਮੁੱਖ ਸੇਵਾਦਾਰ ਛਾਉਣੀ ਬਾਬਾ ਬਿਧੀ ਚੰਦ ਜੀ ਸ੍ਰੀ ਮੁਕਤਸਰ ਸਾਹਿਬ, ਬੀਬੀ ਕੁਲਬੀਰ ਕੌਰ ਬਰਾੜ, ਬੀਬੀ ਦਰਸ਼ਨ ਕੌਰ ਬਰਾੜ, ਅਮਨਦੀਪ ਕੌਰ ਬਰਾੜ ਅਤੇ ਬਾਬਾ ਕੁੰਦਨ ਸਿੰਘ ਸਮੇਤ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਸਮਾਗਮ ਦੌਰਾਨ ਪੰਥ ਦੀ ਚੜ੍ਹਦੀ ਕਲਾ, ਬੰਦੀ ਸਿੰਘਾਂ ਦੀ ਰਿਹਾਈ, ਪੰਥਕ ਏਕਤਾ ਅਤੇ ਪੰਜਾਬ ਦੇ ਹੱਕਾਂ ਲਈ ਅਰਦਾਸ ਕੀਤੀ ਗਈ। ਪਾਰਟੀ ਆਗੂਆਂ ਨੇ ਕਿਹਾ ਕਿ 2027 ’ਚ ਪੰਜਾਬ ਨੂੰ ਇੱਕ ਮਜ਼ਬੂਤ, ਨਿਰਭੈ ਅਤੇ ਸਿਧਾਂਤਕ ਪੰਥਕ ਸਿਆਸੀ ਬਦਲ ਦੀ ਲੋੜ ਹੈ, ਜਿਸ ਲਈ ਸ੍ਰੀ ਮੁਕਤਸਰ ਸਾਹਿਬ ਹਲਕੇ ’ਚ ਪਾਰਟੀ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।