- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਨੇ ਮਲੋਟ ਵਿਖੇ ਤਿੰਨ ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧ ਹੈ। ਇਹ ਪ੍ਰਗਟਾਵਾ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਅੱਜ ਮਲੋਟ ਸ਼ਹਿਰ ਵਿਖੇ ਅੰਬੇਡਕਰ ਭਵਨ, ਡੇਰਾ ਸੱਚਾ ਸੌਦਾ ਰੋਡ ਅਤੇ ਵਾਰਡ ਨੰਬਰ 11 ਨੇੜੇ ਰੇਲਵੇ ਲਾਈਨ ਵਿਖੇ ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਸੂਬੇ ਦੇ ਹਰ ਨਾਗਰਿਕ ਤੱਕ ਸਰਵੋਤਮ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਇਹ ਆਮ ਆਦਮੀ ਕਲੀਨਿਕ ਸਿਹਤ ਕ੍ਰਾਂਤੀ ਦਾ ਪ੍ਰਤੀਕ ਹਨ, ਜਿੱਥੇ ਆਮ ਲੋਕਾਂ ਨੂੰ ਹੁਣ ਮਾਮੂਲੀ ਬਿਮਾਰੀਆਂ ਦੇ ਇਲਾਜ ਲਈ ਦੂਰ ਦੁਰਾਡੇ ਦੇ ਵੱਡੇ ਹਸਪਤਾਲਾਂ ’ਚ ਨਹੀਂ ਜਾਣਾ ਪਵੇਗਾ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾਕਟਰ ਸੁਨੀਲ ਬਾਂਸਲ ਅਤੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਲਖਬੀਰ ਕੌਰ ਸਿੱਧੂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ’ਚ ਲੋਕਾਂ ਨੂੰ ਮੁਫ਼ਤ ਡਾਕਟਰੀ ਸਲਾਹ, ਲਗਭਗ ਸਾਰੇ ਜ਼ਰੂਰੀ 46 ਤਰ੍ਹਾਂ ਦੇ ਕਲੀਨਿਕਲ ਟੈਸਟ ਅਤੇ 107 ਤਰ੍ਹਾਂ ਦੀਆਂ ਉੱਚ ਮਿਆਰ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ। ਇਸਤੋਂ ਪਹਿਲਾਂ ਸਰਕਾਰ ਵਲੋਂ ਜਿਲ੍ਹੇ ’ਚ 26 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਜ਼ਿਲ੍ਹੇ ’ਚ 10 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਡਾ. ਬਾਂਸਲ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਮਸ਼ੀਨਾਂ ਨਾਲ ਜ਼ਿਲ੍ਹੇ ਦੇ ਮਰੀਜ਼ਾਂ ਨੂੰ ਉੱਚ ਪੱਧਰੀ ਜਾਂਚ ਸਹੂਲਤਾਂ ਆਪਣੇ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਹੀ ਉਪਲਬਧ ਹੋਣਗੀਆਂ। ਇਸ ਨਾਲ ਗਰਭਵਤੀ ਮਹਿਲਾਵਾਂ, ਬੱਚਿਆਂ ਅਤੇ ਹੋਰ ਮਰੀਜ਼ਾਂ ਦੀਆਂ ਅਲਟਰਾਸਾਊਂਡ ਜਾਂਚਾਂ ਸਮੇਂ ਸਿਰ ਅਤੇ ਵਧੇਰੇ ਸ਼ੁੱਧਤਾ ਨਾਲ ਹੋ ਸਕਣਗੀਆਂ। ਇਸ ਮੌਕੇ ਐਸਐਮਓ ਮਲੋਟ ਡਾ. ਰਾਜਿੰਦਰ ਕੁਮਾਰ ਕਾਰਜ ਸਾਧਕ ਅਫਸਰ ਮੰਗਤ ਰਾਮ, ਜਸਮੀਤ ਬਰਾੜ ਵਾਈਸ ਪ੍ਰਧਾਨ ਨਗਰ ਕੌਸਲ, ਕੌਂਸਲਰ ਜਗਤੇਜ਼ ਸਿੰਘ, ਸਾਬਕਾ ਕੌਸਲਰ ਹਰਮੇਲ ਸਿੰਘ, ਚੰਦਰ ਮੋਹਨ ਹੈਪੀ ਸਿਗਲਾ, ਅਸ਼ਵਨੀ ਗੋਇਲ, ਸੁਖਵੰਤ ਸਿੰਘ ਚੌਹਾਨ ਤੇ ਪੀਏ ਅਰਸ਼ ਸਿੱਧੂ ਤੇ ਪੀਏ ਸ਼ਿੰਦਰ ਪਾਲ ਸਿੰਘ ਵੀ ਮੌਜੂਦ ਸਨ।