ਡਾ. ਬਲਜੀਤ ਕੌਰ ਵੱਲੋਂ ਮਿਮਿਟ ਦੇ ਵਿਦਿਆਰਥੀਆਂ ਲਈ ਐਂਬੂਲੈਂਸ ਸੇਵਾ ਦੀ ਸ਼ੁਰੂਆਤ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਿਮਿਟ ਦੇ ਸਟਾਫ ਮੈਂਬਰਾਂ ਨੂੰ ਵੰਡੇ ਤਰੱਕੀ ਪੱਤਰ
Publish Date: Mon, 01 Jun 2026 06:00 PM (IST)
Updated Date: Mon, 01 Jun 2026 06:02 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੇ ਮਾਨਯੋਗ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਮਿਮਿਟ ਵਿਖੇ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਿਮਿਟ ਮਲੋਟ ਇਲਾਕੇ ਦੀ ਸ਼ਾਨ ਹੈ। ਇੱਥੋਂ ਦੇ ਵਿਦਿਆਰਥੀ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਦੀਆਂ ਕੰਪਨੀਆਂ ’ਚ ਜਾ ਕੇ ਸਾਡੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਹਨ l ਜਿੱਥੇ ਮਿਮਿਟ ਮਲੋਟ ਦੇ ਵਿਦਿਆਰਥੀ ਸਾਡੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਹਨ ਉੱਥੇ ਹੀ ਇਸ ਸੰਸਥਾ ਦੇ ਸਟਾਫ ਦੀ ਮਿਹਨਤ ਸਦਕਾ ਹੀ ਇਹ ਵਿਦਿਆਰਥੀ ਆਪਣਾ ਭਵਿੱਖ ਉਜਵਲ ਕਰਦੇ ਹਨ। ਇਥੋਂ ਦੇ ਨਾਨ ਟੀਚਿੰਗ ਸਟਾਫ ਦੀਆਂ ਤਰੱਕੀਆਂ ਪਿਛਲੇ ਲੰਮੇ ਸਮੇਂ ਤੋਂ ਪੈਡਿੰਗ ਸਨ ਪਰ ਪੰਜਾਬ ਸਰਕਾਰ ਦੀ ਮੁਲਾਜ਼ਮ ਪੱਖੀ ਸੋਚ ਦੇ ਸਦਕਾ ਅੱਜ ਮਿਮਿਟ ਵਿਖੇ ਪਿਛਲੇ 8-15 ਸਾਲਾਂ ਤੋਂ ਪੈਂਡਿੰਗ ਤਰਕੀਆਂ ਦੇ ਰਾਹ ਖੁੱਲੇ ਹਨ, ਜਿਨਾਂ ਤਹਿਤ ਉਨ੍ਹਾਂ ਵੱਲੋਂ ਸੰਸਥਾ ਦੇ 10 ਕਰਮਆਰੀਆਂ ਨੂੰ ਤਰੱਕੀਆਂ ਦੇ ਪੱਤਰ ਵੰਡੇ ਗਏ। ਮੁਲਾਜ਼ਮਾਂ ਨੂੰ ਤਰੱਕੀਆਂ ਦੇ ਪੱਤਰ ਦੇਣ ਉਪਰੰਤ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੰਸਥਾ ’ਚ 15-16 ਸਾਲਾਂ ਤੋਂ ਠੇਕੇ ਦੇ ਅਧਾਰ ’ਤੇ ਕੰਮ ਕਰ ਰਹੇ ਟੀਚਿੰਗ ਤੇ ਨਾਨ-ਟੀਚਿੰਗ ਦੇ 35 ਕਰਮਚਾਰੀਆਂ ਦੀ ਸੇਵਾਵਾਂ ਨੂੰ ਵੀ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇਗਾ ਅਤੇ ਟੀਚਿੰਗ ਸਟਾਫ ਦੇ ਸੱਤਵੇਂ ਪੇ ਕਮਿਸ਼ਨ ਨੂੰ ਵੀ ਆਉਣ ਵਾਲੇ ਦਿਨਾਂ ’ਚ ਲਾਗੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ, ਰਜਿਸਟਰਾਰ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਸੰਸਥਾ ਦੇ 1400 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੀਆਂ ਸਿਹਤ ਸੇਵਾਵਾਂ ਲਈ ਡਾ. ਬਲਜੀਤ ਕੌਰ ਵੱਲੋਂ ਨਵੀਂ ਐਬੂਲੈਂਸ ਨੂੰ ਹਰੀ ਝੰਡੀ ਕੇ ਇਸ ਦੀ ਸ਼ੁਰੂਆਤ ਕੀਤੀ ਗਈ। ਤਰੱਕੀਆਂ ਹਾਸਲ ਕਰਨ ਵਾਲੇ ਸਟਾਫ ਮੈਂਬਰਾਂ ਨੇ ਮਾਨਯੋਗ ਮੁੱਖ ਮੰਤਰੀ, ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਤਕਨੀਕੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਡਾਕਟਰ ਬਲਜੀਤ ਕੌਰ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਨੇ ਇਹ ਵੀ ਕਿਹਾ ਕਿ ਪਿਛਲੇ ਲਗਾਤਾਰ ਪੰਜ ਸਾਲਾਂ ਤੋਂ ਬਿਨਾਂ ਰੁਕਾਵਟ ਸੰਸਥਾ ਲਈ ਗਰਾਂਟ ਅਤੇ ਸੰਸਥਾ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ, ਤਕਨੀਕੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਹਮੇਸ਼ਾ ਸਾਥ ਦਿੰਦੇ ਆ ਰਹੇ ਹਨ, ਜਿਸ ਕਾਰਨ ਅੱਜ ਸੰਸਥਾ ਦੇ ਵਿੱਚ ਨਵੇਂ ਕੋਰਸ ਵੀ ਸ਼ੁਰੂ ਹੋ ਗਏ ਹਨ। ਜਿਨਾਂ ’ਚ ਵਿਸ਼ੇਸ਼ ਤੌਰ ਤੇ ਬੀਟੈਕ ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਕੋਰਸ ਸ਼ੁਰੂ ਹੋ ਚੁੱਕਿਆ ਹੈ। ਇਸਤੋਂ ਇਲਾਵਾ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੀ ਐਮ.ਟੈਕ ਅਤੇ ਵੋਕੇਸ਼ਨਲ ਵਿੱਚ ਬੈਚਲਰ ਡਿਗਰੀ ਇਨ ਆਟੋਮੋਬਾਇਲ ਸਰਵਿਸਿੰਗ ਦੇ ਨਵੇਂ ਕੋਰਸਾਂ ਦਾ ਵੀ ਆਗਾਜ਼ ਹੋਇਆ ਹੈ।