- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਬਜ਼ੀ ਮੰਡੀ ਰੇਹੜੀ ਮਾਰਕੀਟ ਅਤੇ ਪੁਲ ਹੇਠਲੇ ਇਲਾਕੇ ਦਾ ਦੌਰਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਸਿਹਤਮੰਦ ਅਤੇ ਨਿਰੋਗ ਬਣਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਅਭਿਆਨ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਸਥਾਨਕ ਸਬਜ਼ੀ ਮੰਡੀ, ਰੇਹੜੀ ਮਾਰਕੀਟ ਅਤੇ ਪੁਲ ਹੇਠਲੇ ਇਲਾਕੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਨੇ ਇਨ੍ਹਾਂ ਇਲਾਕਿਆਂ ਵਿੱਚ ਸਫ਼ਾਈ ਵਿਵਸਥਾ ਦਾ ਜਾਇਜ਼ਾ ਲੈਂਦਿਆਂ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਕੌਂਸਲ ਦੀ ਟੀਮ ਨੂੰ ਸਫ਼ਾਈ ਪ੍ਰਬੰਧਾਂ ’ਚ ਤੁਰੰਤ ਸੁਧਾਰ ਕਰਨ ਅਤੇ ਨਿਯਮਤ ਸਫ਼ਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੁਕਾਨਦਾਰਾਂ, ਰੇਹੜੀ ਚਾਲਕਾਂ ਅਤੇ ਆਮ ਲੋਕਾਂ ਨੂੰ ਵੀ ਸਫ਼ਾਈ ਪ੍ਰਤੀ ਜਾਗਰੂਕ ਕਰਦਿਆਂ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਦੀ ਅਪੀਲ ਕੀਤੀ। ਡਾ. ਬਲਜੀਤ ਕੌਰ ਨੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਕੂੜਾ-ਕਰਕਟ ਸਿਰਫ਼ ਡਸਟਬਿਨ ਵਿੱਚ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਬਜ਼ੀ ਅਤੇ ਫਲ ਵਿਕਰੇਤਾਵਾਂ ਨੂੰ ਆਪਣੀਆਂ ਰੇਹੜੀਆਂ ਅਤੇ ਦੁਕਾਨਾਂ ਦੇ ਨੇੜੇ ਡਸਟਬਿਨ ਲਾਜ਼ਮੀ ਤੌਰ ’ਤੇ ਰੱਖਣ ਦੀ ਹਦਾਇਤ ਕੀਤੀ, ਤਾਂ ਜੋ ਖਰਾਬ ਸਬਜ਼ੀਆਂ, ਫਲਾਂ ਅਤੇ ਹੋਰ ਕੂੜੇ ਨੂੰ ਸੜਕਾਂ ’ਤੇ ਸੁੱਟਣ ਦੀ ਬਜਾਏ ਡਸਟਬਿਨ ਵਿੱਚ ਹੀ ਪਾਇਆ ਜਾਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸਬਜ਼ੀ ਮੰਡੀਆਂ ਅਤੇ ਰੇਹੜੀ ਮਾਰਕੀਟਾਂ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਖਰੀਦਦਾਰੀ ਲਈ ਆਉਂਦੇ ਹਨ। ਅਜਿਹੀਆਂ ਜਨਤਕ ਥਾਵਾਂ ’ਤੇ ਸਾਫ਼-ਸਫ਼ਾਈ ਦਾ ਸਿੱਧਾ ਸਬੰਧ ਲੋਕਾਂ ਦੀ ਸਿਹਤ ਨਾਲ ਹੈ। ਇਸ ਲਈ ਸਫ਼ਾਈ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਜ਼ਾਰਾਂ ਅਤੇ ਜਨਤਕ ਥਾਵਾਂ ’ਤੇ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਸਫ਼ਾਈ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਸਥਾਨਕ ਦੁਕਾਨਦਾਰਾਂ ਅਤੇ ਲੋਕਾਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਭਰੋਸਾ ਦਿਵਾਇਆ ਕਿ ਉਹ ‘ਮਿਸ਼ਨ ਕਲੀਨ ਪੰਜਾਬ’ ਨੂੰ ਸਫ਼ਲ ਬਣਾਉਣ ਲਈ ਪੰਜਾਬ ਸਰਕਾਰ ਨੂੰ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਨਿੱਜੀ ਸਹਾਇਕ ਅਰਸ਼ਦੀਪ ਸਿੱਧੂ, ਸ਼ਿੰਦਰਪਾਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਮਲੋਟ ਜਸ਼ਨ ਬਰਾੜ, ਪ੍ਰਧਾਨ ਨਗਰ ਕੌਂਸਲ ਜੋਨੀ ਗਰਗ, ਕਾਰਜ ਸਾਧਕ ਅਫਸਰ ਮੰਗਤ ਰਾਮ, ਸਫਾਈ ਕਰਮਚਾਰੀ ਅਤੇ ਪਤਵੰਤੇ ਆਦਿ ਹਾਜ਼ਰ ਸਨ।