ਪ੍ਰਬੰਧਕੀ ਸੁਧਾਰਾਂ ਤਹਿਤ ਬੱਸ ਅੱਡਾ ਪੁਲਿਸ ਚੌਂਕੀ ਬੰਦ, ਮੁਲਾਜ਼ਮਾਂ ਦੀਆਂ ਬਦਲੀਆਂ
ਪ੍ਰਬੰਧਕੀ ਸੁਧਾਰਾਂ ਤਹਿਤ ਬੱਸ ਅੱਡਾ ਪੁਲਿਸ ਚੌਂਕੀ ਬੰਦ, ਮੁਲਾਜ਼ਮਾਂ ਦੀਆਂ ਬਦਲੀਆਂ
Publish Date: Sat, 18 Apr 2026 05:43 PM (IST)
Updated Date: Sat, 18 Apr 2026 05:45 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਅਤੇ ਪ੍ਰਬੰਧਕੀ ਸੁਧਾਰਾਂ ਵੱਲ ਵੱਡਾ ਕਦਮ ਚੁੱਕਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਸਥਿਤ ਪੁਲਿਸ ਚੌਂਕੀ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲਿਸ ਕਪਤਾਨ (ਐਸਐਸਪੀ) ਅਭਿਮਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਏ ਗਏ ਇਸ ਫੈਸਲੇ ਤੋਂ ਬਾਅਦ ਚੌਂਕੀ ਵਿੱਚ ਤਾਇਨਾਤ ਇੰਚਾਰਜ ਸਮੇਤ ਸਮੁੱਚੇ ਸਟਾਫ਼ ਦੀਆਂ ਬਦਲੀਆਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ ਕਰ ਦਿੱਤੀਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਤਬਦੀਲੀ ਦਾ ਮੁੱਖ ਮਕਸਦ ਪੁਲਿਸ ਬਲ ਦੀ ਸੰਤੁਲਿਤ ਵੰਡ ਅਤੇ ਨਿਗਰਾਨੀ ਪ੍ਰਣਾਲੀ ਨੂੰ ਇੱਕਜੁੱਟ ਕਰਨਾ ਹੈ। ਹੁਣ ਬੱਸ ਅੱਡਾ ਇਲਾਕੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਫੋਰਸ ਦੀ ਕਮੀ ਦੂਰ ਹੋਵੇਗੀ ਅਤੇ ਸਾਂਝੇ ਤੌਰ ’ਤੇ ਅਪਰਾਧਿਕ ਗਤੀਵਿਧੀਆਂ ’ਤੇ ਨਜ਼ਰ ਰੱਖਣੀ ਸੌਖੀ ਹੋ ਜਾਵੇਗੀ। ਇੰਚਾਰਜ ਰਵਿੰਦਰ ਕੌਰ ਬਰਾੜ ਦੀਆਂ ਵਧੀਆਂ ਜ਼ਿੰਮੇਵਾਰੀਆਂ ਨਵ-ਨਿਯੁਕਤ ਥਾਣਾ ਸਿਟੀ ਇੰਚਾਰਜ ਰਵਿੰਦਰ ਕੌਰ ਬਰਾੜ, ਜੋ ਪਹਿਲਾਂ ਸਾਇਬਰ ਸੈੱਲ ਅਤੇ ਕਈ ਥਾਣਿਆਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ, ਹੁਣ ਇਸ ਸਮੁੱਚੇ ਖੇਤਰ ਦੀ ਕਮਾਨ ਸੰਭਾਲਣਗੇ। ਤਕਨੀਕੀ ਮਾਮਲਿਆਂ ਅਤੇ ਜੀਪੀਐਸ ਟ੍ਰੈਫਿਕ ਸਿਸਟਮ ਦੀ ਮਾਨੀਟਰਿੰਗ ’ਚ ਮਾਹਿਰ ਹੋਣ ਕਾਰਨ, ਉਨ੍ਹਾਂ ਦੀ ਅਗਵਾਈ ਹੇਠ ਸ਼ਹਿਰ ਦੀ ਟ੍ਰੈਫਿਕ ਅਤੇ ਸੁਰੱਖਿਆ ਵਿਵਸਥਾ ਨੂੰ ਮਾਡਰਨ ਪੋਲਿਸਿੰਗ ਦੇ ਰੰਗ ਵਿੱਚ ਢਾਲਿਆ ਜਾਵੇਗਾ। ਪੁਲਿਸ ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਚੌਂਕੀ ਬੰਦ ਹੋਣ ਨਾਲ ਸੁਰੱਖਿਆ ’ਚ ਕੋਈ ਕਮੀ ਨਹੀਂ ਆਵੇਗੀ, ਸਗੋਂ ਇਲਾਕੇ ’ਚ ਪੁਲਿਸ ਦੀਆਂ ਪੈਟਰੋਲਿੰਗ ਗੱਡੀਆਂ ਦੀ ਗਿਣਤੀ ਵਧਾਈ ਜਾਵੇਗੀ। ਸੀਸੀਟੀਵੀ ਨਿਗਰਾਨੀ ਤਹਿਤ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਹਰ ਹਰਕਤ ’ਤੇ ਤੀਜੀ ਅੱਖ ਨਾਲ ਨਜ਼ਰ ਰੱਖੀ ਜਾਵੇਗੀ। ਕਿਸੇ ਵੀ ਘਟਨਾ ਦੀ ਸੂਰਤ ਵਿੱਚ ਪੁਲਿਸ ਦਾ ਤੁਰੰਤ ਰਿਸਪਾਂਸ ਸਿਸਟਮ (QRT) ਪਹਿਲਾਂ ਨਾਲੋਂ ਵੱਧ ਸਰਗਰਮ ਰਹੇਗਾ। ਸਥਾਨਕ ਵਸਨੀਕਾਂ ਅਤੇ ਮੁਸਾਫ਼ਰਾਂ ਨੂੰ ਭਰੋਸਾ ਦਿਵਾਉਂਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਬਦਲਾਅ ਲੋਕਾਂ ਦੀ ਸਹੂਲਤ ਅਤੇ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਲਈ ਕੀਤਾ ਗਿਆ ਹੈ।