ਡੇਢ ਘੰਟੇ ਤੱਕ ਫਾਟਕ ਬੰਦ, ਮਾਲਗੱਡੀ ਦੇ ਹੇਠਾਂ ਤੋਂ ਨਿਕਲ ਕੇ ਸਕੂਲ ਪਹੁੰਚੇ ਬੱਚੇ ਇੱਕ ਘੰਟੇ ਤੋਂ ਵੱਧ ਬੰਦ ਰਿਹਾ ਬੂੜਾ ਗੁੱਜਰ ਰੋਡ ਰੇਲਵੇ ਫਾਟਕ, ਮਾਲਗੱਡੀ ਦੇ ਹੇਠਾਂ ਤੋਂ ਨਿਕਲ ਕੇ ਸਕੂਲ ਪਹੁੰਚੇ ਬੱਚੇ
Publish Date: Sat, 19 Sep 2026 05:15 PM (IST)
Updated Date: Sat, 19 Sep 2026 05:17 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ਸਥਿਤ ਰੇਲਵੇ ਫਾਟਕ ’ਤੇ ਸ਼ਨੀਵਾਰ ਸਵੇਰੇ ਮਾਲਗੱਡੀ ਲੰਮੇ ਸਮੇਂ ਤੱਕ ਖੜ੍ਹੀ ਰਹਿਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ ਸਕੂਲ ਦਾ ਸਮਾਂ ਹੋਣ ਕਾਰਨ ਫਾਟਕ ਬੰਦ ਹੋਣ ਨਾਲ ਬੱਚਿਆਂ, ਮਾਪਿਆਂ ਅਤੇ ਨੌਕਰੀਪੇਸ਼ਾ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਫਾਟਕ ਕਰੀਬ ਡੇਢ ਘੰਟੇ ਤੱਕ ਬੰਦ ਰਹਿਣ ’ਤੇ ਕਈ ਸਕੂਲੀ ਬੱਚੇ ਅਤੇ ਹੋਰ ਲੋਕ ਜਾਨ ਜੋਖਮ ’ਚ ਪਾ ਕੇ ਮਾਲਗੱਡੀ ਦੇ ਹੇਠਾਂ ਤੋਂ ਹੋ ਕੇ ਰੇਲਵੇ ਕਰਾਸਿੰਗ ਪਾਰ ਕਰਦੇ ਨਜ਼ਰ ਆਏ। ਰਾਹਤ ਦੀ ਗੱਲ ਰਹੀ ਕਿ ਇਸ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਕਰੀਬ 7 ਵਜੇ ਰੇਲਵੇ ਸਟੇਸ਼ਨ ’ਤੇ ਮਾਲਗੱਡੀ ਆਉਣ ਤੋਂ ਬਾਅਦ ਬੂੜਾ ਗੁੱਜਰ ਰੋਡ ਦਾ ਰੇਲਵੇ ਫਾਟਕ ਬੰਦ ਕਰ ਦਿੱਤਾ ਗਿਆ। ਇਸਤੋਂ ਬਾਅਦ ਸਵੇਰੇ ਕਰੀਬ 8:40 ਵਜੇ ਫਾਟਕ ਖੋਲ੍ਹਿਆ ਗਿਆ। ਇਸ ਦੌਰਾਨ ਦੋਵੇਂ ਪਾਸੇ ਦੋਪਹੀਆ ਵਾਹਨਾਂ, ਕਾਰਾਂ, ਆਟੋ ਅਤੇ ਹੋਰ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਕਈ ਲੋਕ ਕਾਫ਼ੀ ਦੇਰ ਤੱਕ ਜਾਮ ’ਚ ਫਸੇ ਰਹੇ, ਜਦਕਿ ਸਕੂਲ ਦਾ ਸਮਾਂ ਹੋਣ ਕਾਰਨ ਬੱਚਿਆਂ ’ਚ ਦੇਰ ਹੋਣ ਦੀ ਚਿੰਤਾ ਸਾਫ਼ ਦਿਖਾਈ ਦਿੱਤੀ। ਦੇਰ ਹੋਣ ਦੇ ਡਰੋਂ ਟ੍ਰੇਨ ਦੇ ਹੇਠਾਂ ਤੋਂ ਨਿਕਲੇ ਬੱਚੇ ਪ੍ਰਤੱਖਦਰਸ਼ੀਆਂ ਅਨੁਸਾਰ ਜਦੋਂ ਕਾਫ਼ੀ ਦੇਰ ਤੱਕ ਫਾਟਕ ਨਹੀਂ ਖੁੱਲ੍ਹਿਆ ਤਾਂ ਕੁਝ ਸਕੂਲੀ ਬੱਚੇ ਅਤੇ ਹੋਰ ਲੋਕ ਮਾਲਗੱਡੀ ਦੇ ਹੇਠਾਂ ਤੋਂ ਨਿਕਲ ਕੇ ਦੂਜੇ ਪਾਸੇ ਜਾਣ ਲੱਗੇ। ਲੋਕਾਂ ਨੇ ਦੱਸਿਆ ਕਿ ਇਹ ਬੇਹੱਦ ਖ਼ਤਰਨਾਕ ਸਥਿਤੀ ਸੀ। ਜੇਕਰ ਇਸੇ ਦੌਰਾਨ ਟ੍ਰੇਨ ਚੱਲ ਪੈਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਫਾਟਕ ’ਤੇ ਇਸ ਤਰ੍ਹਾਂ ਦੇ ਦ੍ਰਿਸ਼ ਪਹਿਲਾਂ ਵੀ ਦੇਖਣ ਨੂੰ ਮਿਲ ਚੁੱਕੇ ਹਨ, ਪਰ ਹੁਣ ਤੱਕ ਪ੍ਰਭਾਵਸ਼ਾਲੀ ਸੁਰੱਖਿਆ ਇੰਤਜ਼ਾਮ ਨਹੀਂ ਕੀਤੇ ਗਏ ਹਨ। 31 ਅਗਸਤ ਦੀ ਘਟਨਾ ਤੋਂ ਵੀ ਨਹੀਂ ਲਿਆ ਸਬਕ ਸਥਾਨਕ ਲੋਕਾਂ ਨੇ ਦੱਸਿਆ ਕਿ 31 ਅਗਸਤ ਨੂੰ ਵੀ ਇਸੇ ਰੇਲਵੇ ਫਾਟਕ ’ਤੇ ਇੱਕ ਔਰਤ ਦੀ ਸਕੂਟੀ ਟ੍ਰੇਨ ਦੇ ਹੇਠਾਂ ਚਲੀ ਗਈ ਸੀ। ਉਸ ਸਮੇਂ ਔਰਤ ਦੀ ਜਾਨ ਬਚ ਗਈ ਸੀ, ਪਰ ਉਸ ਘਟਨਾ ਤੋਂ ਬਾਅਦ ਵੀ ਰੇਲਵੇ ਵਿਭਾਗ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਹੋਣ ਵਾਲੀਆਂ ਘਟਨਾਵਾਂ ਦੇ ਬਾਵਜੂਦ ਸੁਰੱਖਿਆ ਵਿਵਸਥਾ ’ਚ ਸੁਧਾਰ ਨਹੀਂ ਕੀਤਾ ਗਿਆ, ਜਿਸ ਨਾਲ ਲੋਕਾਂ ’ਚ ਰੋਸ ਹੈ। ਦਿਨ ’ਚ ਲਗਭਗ 15 ਤੋਂ 16 ਵਾਰ ਬੰਦ ਹੁੰਦਾ ਫਾਟਕ ਬੂੜਾ ਗੁੱਜਰ ਰੋਡ ਨਿਵਾਸੀ ਨਿਰਮਲ ਸਿੰਘ, ਕਾਲਾ ਸਿੰਘ, ਜਤਿੰਦਰ ਪਾਲ, ਜੋਨੀ, ਅੰਮ੍ਰਿਤ ਲਾਲ, ਮੱਕਾ ਸਿੰਘ ਅਤੇ ਮਨਵੀਰ ਸਿੰਘ ਨੇ ਦੱਸਿਆ ਕਿ ਇਹ ਰੇਲਵੇ ਫਾਟਕ ਦਿਨ ’ਚ ਲਗਭਗ 15 ਤੋਂ 16 ਵਾਰ ਬੰਦ ਹੁੰਦਾ ਹੈ। ਰੋਜ਼ਾਨਾ 14 ਤੋਂ 15 ਟ੍ਰੇਨਾਂ ਦੀ ਆਵਾਜਾਈ ਕਾਰਨ 24 ਘੰਟਿਆਂ ’ਚ ਕਰੀਬ 8 ਘੰਟੇ ਲੋਕਾਂ ਨੂੰ ਫਾਟਕ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਾਰ ਬੱਚਿਆਂ ਨੂੰ ਸਕੂਲ ਛੱਡਣ, ਮਰੀਜ਼ਾਂ ਨੂੰ ਹਸਪਤਾਲ ਲੈ ਜਾਣ ਅਤੇ ਜ਼ਰੂਰੀ ਕੰਮਾਂ ਲਈ ਘੰਟਿਆਂ ਬੱਧੀ ਰੁਕਣਾ ਪੈਂਦਾ ਹੈ। ਗਰਮੀ ਅਤੇ ਬਾਰਿਸ਼ ਦੌਰਾਨ ਇਹ ਪਰੇਸ਼ਾਨੀ ਹੋਰ ਵਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ’ਤੇ ਅੰਡਰਬ੍ਰਿਜ ਨਿਰਮਾਣ ਦੀ ਮੰਗ ਲੰਮੇ ਸਮੇਂ ਤੋਂ ਚੁੱਕੀ ਜਾ ਰਹੀ ਹੈ। ਰੇਲਵੇ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਰਵੇ ਵੀ ਕਰਵਾਇਆ ਗਿਆ ਸੀ, ਪਰ ਹੁਣ ਤੱਕ ਨਿਰਮਾਣ ਕਾਰਜ ਸ਼ੁਰੂ ਨਹੀਂ ਹੋਇਆ। ਲੋਕਾਂ ਨੇ ਮੰਗ ਕੀਤੀ ਕਿ ਸਕੂਲ ਸਮੇਂ ਦੌਰਾਨ ਫਾਟਕ ’ਤੇ ਵਿਸ਼ੇਸ਼ ਸੁਰੱਖਿਆ ਵਿਵਸਥਾ ਕੀਤੀ ਜਾਵੇ ਅਤੇ ਅੰਡਰਬ੍ਰਿਜ ਦਾ ਨਿਰਮਾਣ ਜਲਦ ਸ਼ੁਰੂ ਕੀਤਾ ਜਾਵੇ।