ਪਾਈਪ ਪਾਉਣ ਲਈ ਪੁੱਟੀ ਜਾ ਰਹੀ ਸੜਕ ਹੇਠਾਂ ਟੁੱਟੀਆਂ ਸੀਵਰੇਜ ਤੇ ਪਾਣੀ ਵਾਲੀਆਂ ਪਾਈਪਾਂ
ਪਾਈਪ ਪਾਉਣ ਲਈ ਪੁੱਟੀ ਜਾ ਰਹੀ ਸੜਕ ਹੇਠਾਂ ਟੁੱਟੀਆਂ ਸੀਵਰੇਜ ਤੇ ਪਾਣੀ ਵਾਲੀਆਂ ਪਾਈਪਾਂ
Publish Date: Fri, 03 Apr 2026 04:45 PM (IST)
Updated Date: Fri, 03 Apr 2026 04:49 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਵੱਲੋਂ ਸ਼ਹਿਰ ’ਚ ਜਮੀਨਦੋਜ ਵਾਟਰ ਪਾਈਪ ਪਾਈ ਜਾ ਰਹੀ ਹੈ, ਜਿਸਦੇ ਚੱਲਦਿਆਂ ਠੇਕੇਦਾਰ ਵੱਲੋਂ ਸੜਕ ਨੂੰ ਜੇਸੀਬੀ ਮਸ਼ੀਨ ਨਾਲ ਪੁੱਟਿਆ ਜਾ ਰਿਹਾ ਹੈ। ਗਿੱਦੜਬਾਹਾ ਦੇ ਸਰਕੂਲਰ ਰੋਡ ਤੇ ਡੀਏਵੀ ਵੈਸ਼ ਸੀਨੀਅਰ ਸੈਕੰਡਰੀ ਸਕੂਲ ਅਤੇ ਹੁਸਨਰ ਗੇਟ ਦੇ ਬਿਲਕੁੱਲ ਅੱਗੇ ਜੇਸੀਬੀ ਮਸ਼ੀਨ ਨਾਲ ਖੁਦਾਈ ਕੀਤੇ ਜਾਣ ਸਮੇਂ ਜ਼ਮੀਨ ਹੇਠਾਂ ਤੋਂ ਪਹਿਲਾਂ ਹੀ ਲੰਘ ਰਹੀਆਂ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਪਾਈਆਂ ਟੁੱਟ ਗਈਆਂ, ਜਿਸ ਨਾਲ ਉਕਤ ਜਗ੍ਹਾ ਤੇ ਬਹੁਤ ਵੱਡਾ ਖੱਡਾ ਬਣ ਗਿਆ ਅਤੇ ਇਸ ਵਿਚ ਸੀਵਰੇਜ ਅਤੇ ਪੀਣ ਵਾਲਾ ਪਾਣੀ ਭਰ ਗਿਆ। ਸੰਬੰਧਤ ਠੇਕੇਦਾਰ ਵੱਲੋਂ ਅਜੇ ਤੱਕ ਇਸ ਖੱਡੇ ਵਿਚਲੀਆਂ ਟੁੱਟੀਆਂ ਪਾਈਪਾਂ ਦੀ ਰਿਪੇਅਰ ਨਹੀਂ ਕੀਤੀ ਗਈ ਜਿਸ ਕਾਰਨ ਜਿੱਥੇ ਆਸਪਾਸ ਦੇ ਲੋਕ ਧੂੜ ਮਿੱਟੀ ਤੋਂ ਪਰੇਸ਼ਾਨ ਹਨ, ਉਥੇ ਹੀ ਹਰ ਸਮੇਂ ਲੱਗੇ ਰਹਿੰਦੇ ਟਰੈਫਿਕ ਜਾਮ ਤੋਂ ਪਰੇਸ਼ਾਨ ਹਨ। ਇਸ ਵੱਡੇ ਖੱਡੇ ਕਾਰਨ ਇਸਦੇ ਨਜਦੀਕ ਖੜ੍ਹੇ ਬੋਹੜ ਦੇ ਵੱਡੇ ਦਰੱਖਤ ਦੀਆਂ ਜੜ੍ਹਾ ’ਚ ਪਾਣੀ ਸਮ੍ਹਾ ਰਿਹਾ ਹੈ ਅਤੇ ਇਹ ਖੱਡਾ ਸਕੂਲ ਦੇ ਮੁੱਖ ਗੇਟ ਤੇ ਹੋਣ ਕਾਰਨ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਵਰਣਨਯੋਗ ਹੈ ਕਿ ਹੁਸਨਰ ਚੌਂਕ ਦੀ ਤਰਫੋਂ ਵਾਇਆ ਭੱਠੀ ਵਾਲਾ ਮੋੜ ਜਾਣ ਵਾਲੇ ਇਕ ਰਾਸਤੇ ਨੂੰ ਸੀਵਰੇਜ ਰਿਪਲੇਮੈਂਟ ਦੇ ਕੰਮ ਦੇ ਚੱਲਦਿਆਂ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ ਅਤੇ ਦੂਜੇ ਰਾਸਤੇ ਤੇ ਵੀ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਵਿਛਾਏ ਜਾਣ ਕਾਰਨ ਅਤੇ ਉਕਤ ਖੱਡੇ ਕਾਰਨ ਇਹ ਰਾਸਤਾ ਵੀ ਬਹੁਤ ਤੰਗ ਹੋ ਚੁੱਕਾ ਹੈ। ਇੰਨਾਂ ਹੀ ਨਹੀਂ ਬੀਤੇ ਕਰੀਬ 15-20 ਦਿਨਾਂ ਤੋਂ ਪਾਈਪ ਲਾਈਨ ਲਈ ਠੇਕੇਦਾਰ ਵੱਲੋਂ ਭੱਠੀ ਵਾਲਾ ਮੌੜ ਤੱਕ ਇੰਟਰਲਾਕ ਟਾਇਲਾਂ ਨੂੰ ਪੁੱਟ ਕੇ ਰੱਖਿਆ ਹੋਇਆ ਹੈ, ਜਦੋਂਕਿ ਉਕਤ ਜਗਾਂ ਤੇ ਖੁਦਾਈ ਕਰਕੇ ਪਾਈਪ ਨਹੀ ਪਾਈ ਜਿਸ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਸੰਬੰਧਤ ਖੇਤਰ ਦੇ ਦੁਕਾਨਦਾਰਾਂ ਨੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ, ਸੀਵਰੇਜ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਇਸ ਕੰਮ ਨੂੰ ਕਰਵਾ ਰਹੇ ਠੇਕੇਦਾਰ ਨੂੰ ਅਪੀਲ ਕੀਤੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਅਤੇ ਕੰਮ ਨੂੰ ਜਲਦੀ ਪੂਰਾ ਕਰਵਾਇਆ ਜਾਵੇ। ਦੂਜੇ ਪਾਸੇ ਜਦੋਂ ਸੀਵਰੇਜ ਬੋਰਡ ਦੇ ਜੇਈ ਲਖਵਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਜੇਸੀਬੀ ਕਾਰਨ ਸੀਵਰੇਜ ਤੇ ਪਾਣੀ ਵਾਲੀ ਪਾਈਪ ਟੁੱਟੀ ਹੈ ਅਤੇ ਖੱਡੇ ਵਿਚ ਪਾਣੀ ਭਰਿਆ ਹੋਣ ਕਾਰਨ ਅਤੇ 2 ਦਿਨਾਂ ਤੋਂ ਰੁੱਕ ਰੁੱਕ ਕੇ ਹੋ ਰਹੀ ਬਾਰਿਸ਼ ਕਾਰਨ ਇਸਦੀ ਰਿਪੇਅਰ ਨਹੀਂ ਹੋ ਸਕੀ ਸੀ। ਉਨ੍ਹਾਂ ਭਰੋਸਾ ਦਿੱਤਾ ਕਿਹਾ ਕੱਲ੍ਹ ਤੱਕ ਇਸ ਖੱਡੇ ਨੂੰ ਭਰ ਦਿੱਤਾ ਜਾਵੇਗਾ ਅਤੇ ਭੱਠੀ ਵਾਲਾ ਮੌੜ ਤੱਕ ਪਾਈਪ ਲਾਈਨ ਦਾ ਕੰਮ ਵੀ ਮੁੰਕਮਲ ਕਰਵਾ ਲਿਆ ਜਾਵੇਗਾ।