ਬ੍ਰਹਮਾਕੁਮਾਰੀ ਸੰਸਥਾਨ ਨੇ ਐਸਐਸਪੀ ਸਮੇਤ ਜਵਾਨਾਂ ਦੇ ਬੰਨ੍ਹੀ ਰੱਖੜੀ ਬ੍ਰਹਮਾਕੁਮਾਰੀ ਸੰਸਥਾਨ ਵੱਲੋਂ ਐਸਐਸਪੀ ਅਭਿਮੰਨਿਊ ਰਾਣਾ ਸਮੇਤ ਪੁਲਿਸ ਜਵਾਨਾਂ ਦੇ ਬੰਨ੍ਹੀ ਰੱਖੜੀ
Publish Date: Wed, 26 Aug 2026 07:19 PM (IST)
Updated Date: Wed, 26 Aug 2026 07:22 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪਿਆਰ, ਸਮਰਪਣ ਅਤੇ ਅਟੁੱਟ ਵਿਸ਼ਵਾਸ ਦੇ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਸ਼ੁਭ ਅਵਸਰ ਤੇ ਬ੍ਰਹਮਾਕੁਮਾਰੀ ਸੰਸਥਾਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਵਿਸ਼ੇਸ਼ ਅਤੇ ਭਾਵਪੂਰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੰਸਥਾਨ ਦੀਆਂ ਭੈਣਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਊ ਰਾਣਾ ਅਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਜਵਾਨਾਂ ਦੇ ਗੁੱਟਾਂ ਤੇ ਰੂਹਾਨੀਅਤ ਨਾਲ ਸਰਸ਼ਾਰ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ, ਚੜ੍ਹਦੀ ਕਲਾ ਅਤੇ ਸਮਾਜਿਕ ਸੁਰੱਖਿਆ ਦੀ ਕਾਮਨਾ ਕੀਤੀ। ਸਮਾਗਮ ਦੌਰਾਨ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਬ੍ਰਹਮਾਕੁਮਾਰੀ ਆਸ਼ਰਮ ਤੋਂ ਪਹੁੰਚੀਆਂ ਪੂਜਨੀਕ ਸੰਤੋਸ਼ੀ ਦੀਦੀ, ਸ਼ਿਵਾਨੀ ਦੀਦੀ, ਨੀਰੂ ਭੈਣ ਅਤੇ ਸੀਮਾ ਭੈਣ ਨੇ ਪੁਲਿਸ ਪ੍ਰਸ਼ਾਸਨ ਦੇ ਸਮਰਪਣ ਦੀ ਸ਼ਲਾਘਾ ਕਰਦਿਆਂ ਰੱਖੜੀ ਦਾ ਤਿਲਕ ਲਗਾਇਆ। ਇਸ ਮੌਕੇ ਸੰਬੋਧਨ ਕਰਦਿਆਂ ਸੰਤੋਸ਼ੀ ਦੀਦੀ ਅਤੇ ਸ਼ਿਵਾਨੀ ਦੀਦੀ ਨੇ ਰੱਖੜੀ ਦੇ ਅਧਿਆਤਮਕ ਮਹੱਤਵ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਰੱਖੜੀ ਦਾ ਇਹ ਪਵਿੱਤਰ ਪੁਰਬ ਕੇਵਲ ਇੱਕ ਧਾਗਾ ਬੰਨ੍ਹਣ ਦੀ ਰਸਮ ਨਹੀਂ, ਸਗੋਂ ਭੈਣ-ਭਰਾ ਦੇ ਰਿਸ਼ਤੇ ਦੀ ਅਸੀਮ ਮਜ਼ਬੂਤੀ, ਆਪਸੀ ਪ੍ਰੇਮ ਅਤੇ ਇੱਕ-ਦੂਜੇ ਦੇ ਵਕਾਰ ਦੀ ਰੱਖਿਆ ਦਾ ਪਵਿੱਤਰ ਸੰਕਲਪ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਵਾਨ ਦਿਨ-ਰਾਤ ਆਪਣੀ ਪਰਵਾਹ ਕੀਤੇ ਬਿਨਾਂ ਸਮਾਜ ਦੀ ਸੁਰੱਖਿਆ ਕਰਦੇ ਹਨ, ਇਸ ਲਈ ਇਹ ਰੂਹਾਨੀ ਰੱਖੜੀ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ, ਊਰਜਾ ਅਤੇ ਆਤਮਿਕ ਬਲ ਪ੍ਰਦਾਨ ਕਰੇਗੀ। ਐਸਐਸਪੀ ਅਭਿਮੰਨਿਊ ਰਾਣਾ ਨੇ ਬ੍ਰਹਮਾਕੁਮਾਰੀ ਸੰਸਥਾਨ ਦੀਆਂ ਭੈਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਰੂਹਾਨੀ ਉਪਰਾਲੇ ਪੁਲਿਸ ਬਲ ਵਿੱਚ ਨਵੀਂ ਊਰਜਾ ਅਤੇ ਸਮਾਜ ਪ੍ਰਤੀ ਵਚਨਬੱਧਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਅਤੇ ਔਰਤਾਂ ਦੀ ਸੁਰੱਖਿਆ ਲਈ ਸਦਾ ਤਤਪਰ ਰਹੇਗਾ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਭਾਈ ਰਣਜੀਤ ਸਿੰਘ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅੰਤ ਵਿੱਚ ਸਾਰਿਆਂ ਨੂੰ ਮਿਠਾਈ ਵੰਡ ਕੇ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ ਗਿਆ।