ਰੱਖੜੀ ’ਤੇ ਜੇਲ੍ਹ ’ਚ ਭਾਵੁਕ ਹੋਏ ਰਿਸ਼ਤੇ, ਭੈਣਾਂ ਨੇ ਬੰਦੀ ਭਰਾਵਾਂ ਦੇ ਗੁੱਟਾਂ ’ਤੇ ਬੰਨ੍ਹੀ ਰੱਖੜੀ ਰੱਖੜੀ ’ਤੇ ਜੇਲ੍ਹ ’ਚ ਭਾਵੁਕ ਹੋਏ ਰਿਸ਼ਤੇ, ਭੈਣਾਂ ਨੇ ਬੰਦੀ ਭਰਾਵਾਂ ਦੇ ਗੁੱਟਾਂ ’ਤੇ ਬੰਨ੍ਹੀ ਰੱਖੜੀ
Publish Date: Fri, 28 Aug 2026 04:02 PM (IST)
Updated Date: Fri, 28 Aug 2026 04:04 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਜ਼ਿਲ੍ਹਾ ਜੇਲ੍ਹ ’ਚ ਭੈਣ-ਭਰਾ ਦੇ ਅਟੁੱਟ ਰਿਸ਼ਤੇ ਦੀ ਇੱਕ ਬਹੁਤ ਹੀ ਭਾਵੁਕ ਤਸਵੀਰ ਦੇਖਣ ਨੂੰ ਮਿਲੀ। ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਖ਼ਾਸ ਮੌਕੇ ’ਤੇ ਉਚੇਚੇ ਪ੍ਰਬੰਧ ਕਰਦਿਆਂ ਬੰਦੀ ਭਰਾਵਾਂ ਨਾਲ ਉਨ੍ਹਾਂ ਦੀਆਂ ਭੈਣਾਂ ਨੂੰ ਮੁਲਾਕਾਤ ਕਰਨ ਅਤੇ ਰੱਖੜੀ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ। ਇਸਤੋਂ ਬਾਅਦ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਭੈਣਾਂ ਜੇਲ੍ਹ ਪਹੁੰਚੀਆਂ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ, ਸੁੱਖ-ਸਮ੍ਰਿੱਧੀ ਅਤੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਜੇਲ੍ਹ ਪਰਿਸਰ ’ਚ ਕਈ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲੇ, ਜਿੱਥੇ ਲੰਮੇ ਸਮੇਂ ਬਾਅਦ ਭੈਣ-ਭਰਾ ਇੱਕ-ਦੂਜੇ ਨੂੰ ਮਿਲ ਕੇ ਭਾਵੁਕ ਹੋ ਗਏ। ਕਈ ਭੈਣਾਂ ਦੀਆਂ ਅੱਖਾਂ ਭਰ ਆਈਆਂ, ਜਦਕਿ ਭਰਾਵਾਂ ਨੇ ਵੀ ਆਪਣੀਆਂ ਭੈਣਾਂ ਨਾਲ ਮਿਲ ਕੇ ਖ਼ੁਸ਼ੀ ਜਤਾਈ। ਰੱਖੜੀ ਬੰਨ੍ਹਣ ਦੌਰਾਨ ਕਈ ਪਰਿਵਾਰਾਂ ਨੇ ਇੱਕ-ਦੂਜੇ ਨੂੰ ਮਿਠਾਈ ਖਵਾ ਕੇ ਇਸ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ ਨੇ ਦੱਸਿਆ ਕਿ ਕਈ-ਕਈ ਮਹੀਨੇ ਬੀਤ ਜਾਂਦੇ ਹਨ, ਪਰ ਭਰਾ ਨਾਲ ਮੁਲਾਕਾਤ ਨਹੀਂ ਹੋ ਪਾਉਂਦੀ। ਰੱਖੜੀ ਵਰਗੇ ਖ਼ਾਸ ਮੌਕੇ ’ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਹ ਇਜਾਜ਼ਤ ਉਨ੍ਹਾਂ ਲਈ ਕਿਸੇ ਵੱਡੀ ਖ਼ੁਸ਼ੀ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਮਨ ਨੂੰ ਸਕੂਨ ਮਿਲਿਆ ਹੈ ਅਤੇ ਅਜਿਹਾ ਮਹਿਸੂਸ ਹੋਇਆ ਕਿ ਪਰਿਵਾਰ ਦਾ ਰਿਸ਼ਤਾ ਅੱਜ ਫਿਰ ਤੋਂ ਪਹਿਲਾਂ ਵਾਂਗ ਮਜ਼ਬੂਤ ਹੋ ਗਿਆ ਹੈ। ਭਰਾਵਾਂ ਤੋਂ ਲਿਆ ਗਲਤ ਕੰਮ ਛੱਡਣ ਦਾ ਪ੍ਰਣ ਭੈਣਾਂ ਨੇ ਆਪਣੇ ਭਰਾਵਾਂ ਤੋਂ ਵਾਅਦਾ ਲਿਆ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਗਲਤ ਸੰਗਤ ਅਤੇ ਮਾੜੇ ਕੰਮਾਂ ਤੋਂ ਹਮੇਸ਼ਾ ਲਈ ਦੂਰੀ ਬਣਾਉਣਗੇ। ਉਨ੍ਹਾਂ ਨੇ ਭਰਾਵਾਂ ਨੂੰ ਇਮਾਨਦਾਰੀ ਨਾਲ ਜ਼ਿੰਦਗੀ ਜਿਊਣ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਜੁੜਨ ਦੀ ਸੀਖ ਦਿੱਤੀ। ਕਈ ਬੰਦੀਆਂ ਨੇ ਵੀ ਆਪਣੀਆਂ ਭੈਣਾਂ ਸਾਹਮਣੇ ਇੱਕ ਬਿਹਤਰ ਇਨਸਾਨ ਬਣਨ ਅਤੇ ਭਵਿੱਖ ’ਚ ਅਪਰਾਧ ਦੇ ਰਾਹ ’ਤੇ ਨਾ ਚੱਲਣ ਦਾ ਸੰਕਲਪ ਲਿਆ। ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੌਕੇ ਨਾ ਸਿਰਫ਼ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ, ਸਗੋਂ ਬੰਦੀਆਂ ਦੇ ਸੁਧਾਰ ਅਤੇ ਮੁੜ ਵਸੇਬੇ ਦੀ ਦਿਸ਼ਾ ’ਚ ਵੀ ਇੱਕ ਹਾਂ-ਪੱਖੀ ਸੰਦੇਸ਼ ਦਿੰਦੇ ਹਨ। ਰੱਖੜੀ ਦੇ ਤਿਉਹਾਰ ’ਤੇ ਜੇਲ੍ਹ ’ਚ ਹੋਇਆ ਇਹ ਭਾਵੁਕ ਮਿਲਣ ਪੂਰਾ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ।