ਬੀਕੇਯੂ ਉਗਰਾਹਾਂ ਨੇ ਮੁਕਤਸਰ ਦਾ ਡਿਪਟੀ ਕਮਿਸ਼ਨਰ ਦਫਤਰ ਘੇਰਿਆ
ਬੀਕੇਯੂ ਉਗਰਾਹਾਂ ਨੇ ਮੁਕਤਸਰ ਦਾ ਡਿਪਟੀ ਕਮਿਸ਼ਨਰ ਦਫਤਰ ਘੇਰਿਆ
Publish Date: Sat, 05 Sep 2026 06:09 PM (IST)
Updated Date: Sat, 05 Sep 2026 06:10 PM (IST)
ਸੁਖਦੀਪ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅਣਮਿਥੇ ਸਮੇਂ ਦੇ ਚੱਲ ਰਹੇ ਧਰਨੇ ਦੇ ਛੇਵੇਂ ਦਿਨ ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਤਿੰਨੇ ਗੇਟਾਂ ਮੂਹਰੇ ਧਰਨਾ ਸ਼ੁਰੂ ਕਰਕੇ ਦਫਤਰ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਹੈ। ਭਾਵੇਂ ਅੱਜ ਸ਼ਨੀਵਾਰ ਦਾ ਦਿਨ ਹੋਣ ਕਰਕੇ ਦਫਤਰ ਬੰਦ ਹੈ ਪਰ ਕੰਪਲੈਕਸ ਅੰਦਰ ਸੇਵਾ ਕੇਂਦਰ, ਬੈਂਕ ਅਤੇ ਪ੍ਰਾਈਵੇਟ ਦਫਤਰ ਹੋਣ ਕਰਕੇ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਯੂਨੀਅਨ ਦੇ ਆਗੂ ਗੁਰਭਗਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਇਹ ਘਿਰਾਓ ਜਥੇਬੰਦੀ ਦੀਆਂ ਮੰਗਾਂ ਦੇ ਨਾਲ-ਨਾਲ 13 ਮੰਗਾਂ ਦੇ ਨਾਲ ਜ਼ਿਲ੍ਹਾ ਮੁਕਤਸਰ ਨਾਲ ਸਬੰਧਤ ਪਿੰਡ ਸਿੰਘੇਵਾਲਾ ਅਤੇ ਲੰਬੀ ਵਿਖੇ ਕਿਸਾਨ ਸੰਘਰਸ਼ ਦੌਰਾਨ ਦਰਜ ਕੀਤੇ ਪਰਚੇ ਰੱਦ ਕਰਨ ਦੇ ਨਾਲ ਪਰਾਲੀ ਜਲਾਉਣ ਸਬੰਧੀ ਦਰਜ ਮੁਕਦਮੇ ਰੱਦ ਕਰਾਉਣ ਲਈ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਮੁਕਤਸਰ ਜ਼ਿਲ੍ਹੇ ’ਚ ਨਰਮੇ ਦੇ ਖਰਾਬੇ ਦਾ ਪੂਰਾ ਮੁਆਵਜ਼ਾ ਦੇਣਾ ਵੀ ਮੁੱਖ ਮੰਗ ’ਚ ਸ਼ਾਮਲ ਹੈ। ਇਸ ਦੌਰਾਨ ਕਿਸਾਨਾਂ ਨੇ ਗੇਟਾਂ ਮੂਹਰੇ ਹੀ ਲੰਗਰ-ਪਾਣੀ ਛਕਿਆ ਅਤੇ ਦਰੀਆਂ ਵਿਛਾ ਕੇ ਧਰਨਾ ਦਿੱਤਾ। ਇਸ ਮੌਕੇ ਪੁਲੀਸ ਅਤੇ ਫਾਇਰ ਬ੍ਰਗੇਡ ਵੱਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।