ਭਾਕਿਯੂ ਏਕਤਾ ਉਗਰਾਹਾਂ ਨੇ ਲਾਮਬੰਦੀ ਲਈ ਦੂਜੇ ਦਿਨ ਵੀ ਝੰਡਾ ਮਾਰਚ ਕੱਢਿਆ ਭਾਕਿਯੂ ਏਕਤਾ ਉਗਰਾਹਾਂ ਨੇ ਲਾਮਬੰਦੀ ਲਈ ਦੂਜੇ ਦਿਨ ਵੀ ਝੰਡਾ ਮਾਰਚ ਕੱਢਿਆ
Publish Date: Fri, 28 Aug 2026 04:58 PM (IST)
Updated Date: Fri, 28 Aug 2026 05:01 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ ’ਤੇ ਗਿੱਦੜਬਾਹਾ ਬਲਾਕ ਵੱਲੋਂ ਪਿੰਡਾਂ ’ਚ ਕਰ ਮੁਕਤ ਡੇਅਰੀ ਫਾਰਮਿੰਗ ਸਮਝੌਤਾ ਵਾਰਤਾ ਵਿਰੁੱਧ 30 ਅਗਸਤ ਤੋਂ ਜ਼ਿਲ੍ਹਾ ਹੈਡਕੁਆਰਟਰਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਅਣਮਿੱਥੇ ਸਮੇਂ ਲਈ ਦਿਨ ਰਾਤ ਪੱਕਾ ਮੋਰਚਾ ਸ਼ੁਰੂ ਕਰਨ ਲਈ ਦੂਜੇ ਦਿਨ ਵੀ ਝੰਡਾ ਮਾਰਚ ਕੱਢਿਆ। ਪਿੰਡ ਕੋਟਲੀ ਤੋਂ ਸ਼ੁਰੂ ਕਰਕੇ ਕੋਠੇ ਨਾਈਵਾਲਾ, ਕੋਠੇ ਢਾਬਾ ਵਾਲੇ, ਕੋਠੇ ਹਜੂਰਾ ਸਿੰਘ, ਕੋਠੇ ਫਮਣ ਸਿੰਘ ਵਾਲੇ (ਕੋਟਲੀ), ਕੋਠੇ ਅਮਨ ਗੜ੍ਹ, ਮੱਲਣ, ਧੂਲਕੋਟ, ਗੂੜ੍ਹੀ ਸੰਘਰ, ਪਿੰਡ ਮੱਲਣ ਤੱਕ ਲਾਮਬੰਦੀ ਲਈ ਝੰਡਾ ਮਾਰਚ ਕੱਢਿਆ। ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਦੀਆਂ ਜਨਤਕ ਜਥੇਬੰਦੀਆਂ ਦੇ ਸੱਦੇ ’ਤੇ ਪੱਤਰਕਾਰ ਮਨਿੰਦਰ ਜੀਤ ਸਿੱਧੂ ਦੇ ਹੱਕ ’ਚ 14 ਸਤੰਬਰ ਨੂੰ ਐਸਐਸਪੀ ਦਫਤਰ ਮੁਕਤਸਰ ਦੇ ਘਿਰਾਓ ’ਚ ਸ਼ਮੂਲੀਅਤ ਕਰਨ ਦਾ ਸੱਦਾ ਵੀ ਦਿੱਤਾ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਪੰਜਾਬ ਤੇ ਕੇਂਦਰ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਦੁਬਾਰਾ ਲਿਆਂਦੀ ਜਾ ਰਹੀ ਹੈ ਉੱਥੇ ਕੇਂਦਰ ਸਰਕਾਰ ਵੱਲੋਂ ਅਮਰੀਕਾ ਕਰ ਮੁਕਤ ਡੇਅਰੀ ਫਾਰਮਿੰਗ ਸਮਝੌਤਾ ਵਾਰਤਾ ਹੋਣ ਜਾ ਰਿਹਾ ਹੈ ਜਿਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ’ਤੇ ਭਾਰੀ ਬੋਝ ਪਾਇਆ ਜਾ ਰਿਹਾ ਹੈ ਜਿਸ ਨਾਲ ਜਿੱਥੇ ਦਾਣਾ ਮੰਡੀਆਂ ਖ਼ਤਮ ਹੋਣਗੀਆਂ ਉਥੇ ਮੰਡੀ ਨਾਲ ਜੁੜੇ ਕਿਸਾਨਾਂ ਮਜ਼ਦੂਰਾਂ ਦਾ ਉਜਾੜਾ, ਆੜਤੀਏ ਮੁਨੀਮ ਵਪਾਰੀ ਲੇਬਰ ਮਜ਼ਦੂਰ ਬੇਰੁਜ਼ਗਾਰ ਹੋਣਗੇ ਉਥੇ ਛੋਟੀ ਵੱਡੀ ਸਨਅਤ ਵੀ ਪ੍ਰਭਾਵਿਤ ਹੋਵੇਗੀ ਜਿਸਨੂੰ ਸੰਘਰਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ 30 ਅਗਸਤ ਨੂੰ ਵੱਧ ਤੋਂ ਵੱਧ ਲਾਮਬੰਦੀ ਕਰਕੇ ਕਿਸਾਨਾਂ ਮਜ਼ਦੂਰਾਂ ਮੇਹਨਤਕਸ਼ ਲੋਕਾਂ ਨੂੰ ਮੋਰਚੇ ’ਚ ਵੱਡੀ ਗਿਣਤੀ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਹਰਪਾਲ ਸਿੰਘ ਚੀਮਾ ਧੂਲਕੋਟ, ਅੰਗਰੇਜ਼ ਸਿੰਘ ਫੌਜੀ, ਬੂਟਾ ਸਿੰਘ, ਰਾਜੂ ਸਿੰਘ, ਬਿੱਟੂ ਮੱਲਣ, ਜਗਰੂਪ ਸਿੰਘ, ਰਾਜ ਸਿੰਘ, ਗੁਰਮੀਤ ਸਿੰਘ ਗੂੜ੍ਹੀ ਸੰਘਰ, ਬਲਜੀਤ ਸਿੰਘ, ਬੋਹੜ ਸਿੰਘ, ਮੱਘਰ ਸਿੰਘ, ਜਗਸੀਰ ਸਿੰਘ ਘਾਲੀ ਖਾਲਸਾ ਕੋਟਲੀ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਹਾਜ਼ਰ ਸਨ।