ਭਾਜਪਾ ਵਫ਼ਦ ਨੇ ਫਿਰੋਜ਼ਪੁਰ ਦੇ ਡੀਆਰਐੱਮ ਨਾਲ ਕੀਤੀ ਮੁਲਾਕਾਤ ਭਾਜਪਾ ਵਫ਼ਦ ਨੇ ਫਿਰੋਜ਼ਪੁਰ ਦੇ ਡੀਆਰਐੱਮ ਨਾਲ ਕੀਤੀ ਮੁਲਾਕਾਤ
Publish Date: Mon, 27 Jul 2026 05:53 PM (IST)
Updated Date: Mon, 27 Jul 2026 05:55 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਜਨਤਾ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਵਫ਼ਦ ਨੇ ਸੋਮਵਾਰ ਨੂੰ ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਸੰਜੀਵ ਕੁਮਾਰ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਡੀਆਰਐਮ ਨੂੰ ਰੇਲਵੇ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਲਟਕ ਰਹੀਆਂ ਵੱਖ-ਵੱਖ ਮੰਗਾਂ ਸਬੰਧੀ ਮੰਗ-ਪੱਤਰ ਵੀ ਸੌਂਪਿਆ। ਇਸ ਦੌਰਾਨ ਸ਼ਹਿਰ ਦੀ ਰੇਲ ਕਨੈਕਟੀਵਿਟੀ ਸੁਧਾਰਨ, ਆਵਾਜਾਈ ਦੀਆਂ ਸਹੂਲਤਾਂ ਵਧਾਉਣ ਅਤੇ ਧਾਰਮਿਕ ਯਾਤਰੀਆਂ ਨਾਲ ਜੁੜੇ ਕਈ ਅਹਿਮ ਮੁੱਦੇ ਉਠਾਏ ਗਏ। ਵਫ਼ਦ ਨੇ ਮੰਗ ਕੀਤੀ ਕਿ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਫਾਟਕ ਨੰਬਰ-30 ਨੂੰ ਰੇਲਵੇ ਓਵਰਬ੍ਰਿਜ (ਆਰਓਬੀ) ਦੇ ਹੇਠਾਂ ਤੋਂ ਮੁੜ ਖੋਲ੍ਹਿਆ ਜਾਵੇ। ਇਸਤੋਂ ਇਲਾਵਾ ਰੇਲਵੇ ਫੁੱਟਓਵਰ ਬ੍ਰਿਜ ਨੂੰ ਸੰਪਰਕ ਮਾਰਗ ਨਾਲ ਜੋੜਨ ਦੀ ਮੰਗ ਵੀ ਕੀਤੀ ਗਈ। ਭਾਜਪਾ ਆਗੂਆਂ ਨੇ ਡੀਆਰਐਮ ਤੋਂ ਆਰਓਬੀ ਦੇ ਆਲੇ-ਦੁਆਲੇ ਲੋੜੀਂਦੀਆਂ ਹਾਈਮਾਸਟ ਜਾਂ ਸਟਰੀਟ ਲਾਈਟਾਂ ਲਗਾਉਣ ਤੋਂ ਇਲਾਵਾ ਫਾਟਕ ਪਾਰ ਸ਼ਹਿਰ ਦੀ ਆਬਾਦੀ ਦੀ ਸਹੂਲਤ ਲਈ ਦੋਪਹੀਆ ਵਾਹਨਾਂ ਵਾਸਤੇ ਲਾਈਟਵੇਟ ਓਵਰਬ੍ਰਿਜ ਬਣਾਉਣ ਦੀ ਮੰਗ ਤੇ ਡੀਆਰਐਮ ਸੰਜੀਵ ਕੁਮਾਰ ਨੇ ਭਰੋਸਾ ਦਿਵਾਇਆ ਕਿ ਮੰਗਲਵਾਰ ਨੂੰ ਰੇਲਵੇ ਅਧਿਕਾਰੀਆਂ ਦੀ ਟੀਮ ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਮੌਕੇ ਦਾ ਸਰਵੇ ਕਰੇਗੀ। ਵਫ਼ਦ ਨੇ ਰੇਲ ਸੇਵਾਵਾਂ ਦੇ ਵਿਸਥਾਰ ਦੀ ਮੰਗ ਕਰਦਿਆਂ ਕਿਹਾ ਕਿ ਸ੍ਰੀ ਗੰਗਾਨਗਰ ਤੋਂ ਹਰਿਦੁਆਰ ਲਈ ਵਾਇਆ ਮਲੋਟ-ਬਠਿੰਡਾ ਚੱਲਣ ਵਾਲੀ ਟ੍ਰੇਨ ਨੂੰ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਦਿਨ ਵਾਇਆ ਫਾਜ਼ਿਲਕਾ-ਸ੍ਰੀ ਮੁਕਤਸਰ ਸਾਹਿਬ ਚਲਾਇਆ ਜਾਵੇ। ਇਸੇ ਤਰ੍ਹਾਂ ਸ੍ਰੀ ਗੰਗਾਨਗਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਚੱਲਣ ਵਾਲੀ ਟ੍ਰੇਨ ਦਾ ਰੂਟ ਵੀ ਹਫ਼ਤੇ ਵਿੱਚ ਤਿੰਨ ਦਿਨ ਫਾਜ਼ਿਲਕਾ-ਸ੍ਰੀ ਮੁਕਤਸਰ ਸਾਹਿਬ ਰਾਹੀਂ ਕੀਤਾ ਜਾਵੇ। ਡੀਆਰਐਮ ਸੰਜੀਵ ਕੁਮਾਰ ਨੇ ਵਫ਼ਦ ਦੀਆਂ ਸਾਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਕਿਹਾ ਕਿ ਰੇਲਵੇ ਪ੍ਰਸ਼ਾਸਨ ਹਰ ਮੰਗ ਤੇ ਤਰਜੀਹ ਦੇ ਆਧਾਰ ਤੇ ਵਿਚਾਰ ਕਰੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਜਿਨ੍ਹਾਂ ਮੰਗਾਂ ਦਾ ਹੱਲ ਮੰਡਲ ਪੱਧਰ ਤੇ ਸੰਭਵ ਹੋਵੇਗਾ, ਉਨ੍ਹਾਂ ਤੇ ਜਲਦ ਕਾਰਵਾਈ ਕੀਤੀ ਜਾਵੇਗੀ, ਜਦਕਿ ਨੀਤੀ ਪੱਧਰ ਨਾਲ ਸਬੰਧਤ ਮਾਮਲੇ ਰੇਲਵੇ ਬੋਰਡ ਕੋਲ ਉਚਿਤ ਸਿਫ਼ਾਰਸ਼ ਨਾਲ ਭੇਜੇ ਜਾਣਗੇ। ਵਫ਼ਦ ’ਚ ਕੁਲਦੀਪ ਸਿੰਘ ਭੰਗੇਵਾਲਾ, ਸਾਬਕਾ ਜ਼ਿਲ੍ਹਾ ਸਕੱਤਰ ਅਰਵਿੰਦ ਪਠੇਲਾ, ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਰਵਿੰਦਰ ਕਟਾਰੀਆ ਅਤੇ ਸੰਦੀਪ ਗਿਰਧਰ ਸ਼ਾਮਲ ਸਨ।