ਪੁਲਿਸ ਦੀ ਵੱਡੀ ਕਾਮਯਾਬੀ : ਚੋਰੀਆਂ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦੇ 8 ਮੈਂਬਰ ਕਾਬੂ, 1 ਕਰੋੜ ਤੋਂ ਵੱਧ ਦਾ ਸੋਨਾ ਅਤੇ ਜਾਇਦਾਦ ਬਰਾਮਦ ਪੁਲਿਸ ਨੇ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਵੱਡੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਸੁਲਝਾਉਂਦਿਆਂ ਹਰਿਆਣਾ ਦੇ ਇੱਕ ਸ਼ਾਤਰ ਪਰਿਵਾਰਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 6 ਮਹਿਲਾਵਾਂ ਸਮੇਤ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲਗਭਗ 38 ਤੋਲੇ ਸੋਨਾ ਅਤੇ ਚੋਰੀ ਦੇ ਪੈਸਿਆਂ ਨਾਲ ਖਰੀਦੀਆਂ ਲੱਖਾਂ ਦੀਆਂ ਜਾਇਦਾਦਾਂ ਟਰੇਸ ਕਰ ਲਈਆਂ ਹਨ।
Publish Date: Fri, 21 Aug 2026 01:29 PM (IST)
Updated Date: Fri, 21 Aug 2026 01:31 PM (IST)
ਭੰਵਰਾ, ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ - ਪੁਲਿਸ ਨੇ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਵੱਡੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਸੁਲਝਾਉਂਦਿਆਂ ਹਰਿਆਣਾ ਦੇ ਇੱਕ ਸ਼ਾਤਰ ਪਰਿਵਾਰਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 6 ਮਹਿਲਾਵਾਂ ਸਮੇਤ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲਗਭਗ 38 ਤੋਲੇ ਸੋਨਾ ਅਤੇ ਚੋਰੀ ਦੇ ਪੈਸਿਆਂ ਨਾਲ ਖਰੀਦੀਆਂ ਲੱਖਾਂ ਦੀਆਂ ਜਾਇਦਾਦਾਂ ਟਰੇਸ ਕਰ ਲਈਆਂ ਹਨ।
ਪੁਲਿਸ ਅਧਿਕਾਰੀਆਂ ਅਨੁਸਾਰ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਥਾਣਾ ਲੰਬੀ ਅਤੇ ਸਦਰ ਮੁਕਤਸਰ ਦੇ ਵੱਖ-ਵੱਖ ਪਿੰਡਾਂ (ਜਿਵੇਂ ਖੇਮਾ ਖੇੜਾ, ਲਾਲਬਾਈ ਆਦਿ) ਵਿੱਚ ਰਾਤ ਦੇ ਸਮੇਂ ਚੋਰੀ ਦੀਆਂ 7 ਵੱਡੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ। ਸੀ.ਆਈ.ਏ. ਇੰਸਪੈਕਟਰ ਗੁਰਵਿੰਦਰ ਸਿੰਘ, ਥਾਣਾ ਸਦਰ ਮਲੋਟ ਦੇ ਇੰਸਪੈਕਟਰ ਵਰੁਣ ਯਾਦਵ ਅਤੇ ਸਪੈਸ਼ਲ ਸਟਾਫ਼ ਦੀ ਟੀਮ ਨੇ ਕਰੀਬ 80 ਕਿਲੋਮੀਟਰ ਤੱਕ ਸੀ.ਸੀ.ਟੀ.ਵੀ. ਕੈਮਰੇ ਅਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਡੱਬਵਾਲੀ ਤੱਕ ਗਿਰੋਹ ਦਾ ਸੁਰਾਗ ਲਗਾਇਆ।
ਇਹ ਗਿਰੋਹ ਹਰਿਆਣਾ ਦੇ ਰੋਹਤਕ ਅਤੇ ਭਿਵਾਨੀ ਦਾ ਰਹਿਣ ਵਾਲਾ ਹੈ ਅਤੇ ਡੱਬਵਾਲੀ ਵਿੱਚ ਕਿਰਾਏ 'ਤੇ ਮਕਾਨ ਲੈ ਕੇ ਰਹਿ ਰਿਹਾ ਸੀ। ਗਿਰੋਹ ਦੇ ਮੈਂਬਰ ਇਕੱਠੇ ਰਿਸ਼ਤੇਦਾਰੀ (ਭਰਾ, ਪਤਨੀਆਂ, ਸਾਲੀਆਂ) ਵਿੱਚ ਪਰਿਵਾਰ ਵਾਂਗ ਇਹ ਅਪਰਾਧਿਕ ਨੈੱਟਵਰਕ ਚਲਾਉਂਦੇ ਸਨ। ਪਹਿਲਾਂ ਪਿੰਡਾਂ ਦੀਆਂ ਬਾਹਰਲੀਆਂ ਢਾਣੀਆਂ ਦੀ ਰੇਕੀ ਕੀਤੀ ਜਾਂਦੀ ਸੀ, ਜਿੱਥੇ ਕੈਮਰੇ ਨਾ ਹੋਣ। ਵਾਰਦਾਤ ਸਮੇਂ ਮੋਬਾਈਲ ਫ਼ੋਨ ਛੱਡ ਕੇ ਰਾਤ 12 ਤੋਂ 3 ਵਜੇ ਦਰਮਿਆਨ ਚੋਰੀ ਨੂੰ ਅੰਜਾਮ ਦਿੰਦੇ ਸਨ। ਗਿਰੋਹ ਦਾ ਮਾਸਟਰਮਾਈਂਡ ਤਾਨਾ, ਰੌਬਿਨ, ਕਮਲੇਸ਼, ਪ੍ਰੀਤੀ, ਪਿੰਕੀ, ਕਵਿਤਾ, ਮਨੀਸ਼ਾ ਅਤੇ ਅਨਾਰਕਲੀ। ਇੱਕ ਹੋਰ ਸਾਥੀ (ਦਾਸ) ਨਸ਼ੀਲੀਆਂ ਗੋਲੀਆਂ ਦੇ ਕੇਸ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ, ਜਿਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ।
ਦੋਸ਼ੀਆਂ ਖ਼ਿਲਾਫ਼ ਹਰਿਆਣਾ ਵਿੱਚ ਵੀ ਚੋਰੀ ਦੇ 15 ਤੋਂ ਵੱਧ ਮਾਮਲੇ ਦਰਜ ਹਨ। ਬਰਾਮਦਗੀ ਅਤੇ ਜ਼ਬਤ ਜਾਇਦਾਦ (ਕੁੱਲ ਕੀਮਤ 1 ਕਰੋੜ ਰੁਪਏ ਤੋਂ ਵੱਧ), ਸੋਨਾ, 25 ਤੋਲੇ ਸੋਨਾ ਸਿੱਧਾ ਬਰਾਮਦ ਅਤੇ 13 ਤੋਲੇ ਗੋਲਡ ਲੋਨ ਕੰਪਨੀ ਵਿੱਚ ਗਿਰਵੀ ਰੱਖਿਆ ਸੋਨਾ ਫ੍ਰੀਜ਼ ਕਰਵਾਇਆ ਗਿਆ।
ਜਾਇਦਾਦਾਂ : ਚੋਰੀ ਦੇ ਪੈਸਿਆਂ ਨਾਲ ਖਰੀਦੀਆਂ ਕਰੀਬ 55 ਤੋਂ 60 ਲੱਖ ਰੁਪਏ ਦੀਆਂ ਜਾਇਦਾਦਾਂ (ਦਿੱਲੀ ਵਿੱਚ 1 ਪਲਾਟ, ਰੋਹਤਕ ਵਿੱਚ 2 ਦੁਕਾਨਾਂ ਅਤੇ 1 ਹੋਰ ਪਲਾਟ) ਦੀ ਪਛਾਣ ਕਰਕੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਚੋਰੀ ਦਾ ਸੋਨਾ ਖਰੀਦਣ ਵਾਲੇ ਸੁਨਿਆਰਿਆਂ ਅਤੇ ਗਿਰੋਹ ਦੇ ਹੋਰ ਮੈਂਬਰਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਹੈ।