- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ (AAP) ਅਤੇ ਸ਼੍ਰੋਮਣੀ ਅਕਾਲੀ ਦਲ (SAD) ਦੇ ਵਰਕਰਾਂ ਵਿਚਾਲੇ ਹੋਏ ਵਿਵਾਦ ਦੇ ਮਾਮਲੇ ’ਚ ਇੱਕ ਹਫ਼ਤੇ ਬਾਅਦ ਥਾਣਾ ਗਿੱਦੜਬਾਹਾ ਵਿਖੇ ਸ਼ਿਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਬਕਾ ਓਐੱਸਡੀ ਸਮੇਤ ਅਕਾਲੀ ਦਲ ਦੇ ਚਾਰ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਨਗਰ ਕੌਂਸਲ ਚੋਣਾਂ ਦੀ ਵੋਟਿੰਗ ਵਾਲੇ ਦਿਨ ਹੋਈ ਝੜਪ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਆਮ ਆਦਮੀ ਪਾਰਟੀ (AAP) ਅਤੇ ਸ਼੍ਰੋਮਣੀ ਅਕਾਲੀ ਦਲ (SAD) ਦੇ ਵਰਕਰਾਂ ਵਿਚਾਲੇ ਹੋਏ ਵਿਵਾਦ ਦੇ ਮਾਮਲੇ ’ਚ ਇੱਕ ਹਫ਼ਤੇ ਬਾਅਦ ਥਾਣਾ ਗਿੱਦੜਬਾਹਾ ਵਿਖੇ ਸ਼ਿਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਬਕਾ ਓਐੱਸਡੀ ਸਮੇਤ ਅਕਾਲੀ ਦਲ ਦੇ ਚਾਰ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਇਹ ਕਾਰਵਾਈ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਪੀਐੱਸਓ ਦੀ ਸ਼ਿਕਾਇਤ ’ਤੇ ਕੀਤੀ ਹੈ। ਇਸ ਮਾਮਲੇ ’ਚ 20-25 ਅਣਪਛਾਤੇ ਲੋਕਾਂ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਸ਼ਿਅਦ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਇਸ ਕਾਰਵਾਈ ਨੂੰ ਸਰਕਾਰ ਦੀ ਸਿੱਧੀ ਧੱਕੇਸ਼ਾਹੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਵਾਲੇ ਦਿਨ 'ਆਪ' ਵਰਕਰਾਂ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਕੁੱਟਮਾਰ ਕੀਤੀ ਸੀ, ਜਿਸ ਦੀ ਸ਼ਿਕਾਇਤ ਥਾਣੇ ’ਚ ਅਕਾਲੀ ਦਲ ਵੱਲੋਂ ਵੀ ਦਿੱਤੀ ਗਈ ਹੈ, ਪਰ ਸਰਕਾਰ ਦੇ ਇਸ਼ਾਰੇ 'ਤੇ ਉਲਟਾ ਉਨ੍ਹਾਂ ਦੇ ਆਗੂਆਂ 'ਤੇ ਹੀ ਕੇਸ ਦਰਜ ਕਰ ਦਿੱਤਾ ਗਿਆ।
ਇਹ ਹੈ ਪੂਰਾ ਮਾਮਲਾ
ਇਹ ਘਟਨਾ 26 ਮਈ ਨੂੰ ਵਾਪਰੀ, ਜਦੋਂ ਗਿੱਦੜਬਾਹਾ ’ਚ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਚੱਲ ਰਹੀ ਸੀ। ਸ਼ਿਕਾਇਤਕਰਤਾ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਗਿੱਦੜਬਾਹਾ ਤੋਂ 'ਆਪ' ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਪੀਐੱਸਓ ਹਨ। ਉਸ ਦਿਨ ਵਿਧਾਇਕ ਡਿੰਪੀ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਅਤੇ ਡੇਰਾ ਬਾਬਾ ਗੰਗਾ ਰਾਮ ਵਿਖੇ ਮੱਥਾ ਟੇਕਣ ਜਾ ਰਹੇ ਸਨ ਅਤੇ ਸਾਰੇ ਸੁਰੱਖਿਆ ਕਰਮੀ ਸਿਵਲ ਡਰੈੱਸ ’ਚ ਸਨ। ਸ਼ਿਕਾਇਤ ਮੁਤਾਬਕ ਜਦੋਂ ਵਿਧਾਇਕ ਦਾ ਕਾਫ਼ਲਾ ਭੱਠੀ ਵਾਲਾ ਮੋੜ ਕੋਲ ਡੀਏਵੀ ਸਕੂਲ ਦੇ ਨੇੜੇ ਪਹੁੰਚਿਆ ਤਾਂ ਕੁਝ 'ਆਪ' ਵਰਕਰਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਵਿਧਾਇਕ ਨਾਲ ਗੱਲਬਾਤ ਕਰਨ ਲੱਗੇ। ਇੰਨੇ ’ਚ ਤਿੰਨ ਗੱਡੀਆਂ ’ਚ ਸਵਾਰ ਹੋ ਕੇ ਆਏ ਲੋਕਾਂ ਨੇ ਵਰਕਰਾਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਗਾਲੀ-ਗਲੋਚ ਕਰਨ ਲੱਗੇ। ਜਦੋਂ ਮੈਂ ਅਤੇ ਵਿਧਾਇਕ ਦੇ ਹੋਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਤਾਂ ਗੱਡੀਆਂ ’ਚ ਮੌਜੂਦ ਸ਼ਿਅਦ ਆਗੂ ਗੁਰਵਿੰਦਰ ਸਿੰਘ ਵਨਵਾਲਾ, ਚਰਨਜੀਤ ਸਿੰਘ ਭੂੰਦੜ, ਅਨਮੋਲ ਬਰਾੜ ਸੰਗੂਧੌਣ ਅਤੇ ਸੁਖਜੀਤ ਸਿੰਘ (ਸਾਬਕਾ ਸਰਪੰਚ) ਸਮੇਤ 20-25 ਅਣਪਛਾਤੇ ਲੋਕਾਂ ਨੇ ਮੇਰੇ ਅਤੇ ਵਿਧਾਇਕ ਦੇ ਸੁਰੱਖਿਆ ਕਰਮੀ ਏਐੱਸਆਈ ਕੁਲਦੀਪ ਸਿੰਘ ਨਾਲ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਮੇਰੀ ਵਰਦੀ ਦੀ ਜੇਬ ਫੜ ਕੇ ਖਿੱਚੀ, ਧੱਕਾ-ਮੁੱਕੀ ਕੀਤੀ, ਵਰਦੀ ਫਾੜ ਦਿੱਤੀ ਅਤੇ ਮੇਰੀ ਨੇਮ ਪਲੇਟ ਵੀ ਤੋੜ ਦਿੱਤੀ। ਇਸ ਘਟਨਾ ਤੋਂ ਬਾਅਦ ਵਿਧਾਇਕ ਡਿੰਪੀ ਆਪਣੀ ਸੁਰੱਖਿਆ ਨਾਲ ਮੌਕੇ ਤੋਂ ਚਲੇ ਗਏ ਅਤੇ ਬਾਅਦ ’ਚ ਮੈਂ (ਪੀਐੱਸਓ) ਥਾਣਾ ਗਿੱਦੜਬਾਹਾ ਵਿਖੇ ਸ਼ਿਕਾਇਤ ਦਰਜ ਕਰਵਾਈ। ਇਸਤੇ ਪੁਲਿਸ ਨੇ ਗੁਰਵਿੰਦਰ ਸਿੰਘ ਵਨਵਾਲਾ, ਚਰਨਜੀਤ ਸਿੰਘ ਭੂੰਦੜ, ਅਨਮੋਲ ਬਰਾੜ ਸੰਗੂਧੌਣ, ਸੁਖਜੀਤ ਸਿੰਘ ਅਤੇ 20-25 ਅਣਪਛਾਤੇ ਲੋਕਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 132, 221 ਅਤੇ 190 ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਫਆਈਆਰ (FIR) ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਅਤੇ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ਹੇਠ ਕੀਤੀ ਗਈ ਹੈ।