- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਮੁਕਤਸਰ ਸਾਹਿਬ ਸ਼ਹਿਰ ’ਚ ਲੱਗੇ ਭੁਪੇਸ਼ ਬਘੇਲ ‘ਗੋ ਬੈਕ’ ਦੇ ਫੈਲਕਸ

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਸ੍ਰੀ ਮੁਕਤਸਰ ਸਾਹਿਬ ਦੌਰੇ ਤੋਂ ਪਹਿਲਾਂ ਸ਼ਹਿਰ ਦੀ ਸਿਆਸਤ ’ਚ ਵੱਡਾ ਭੂਚਾਲ ਆ ਗਿਆ ਹੈ। ਸੋਮਵਾਰ ਨੂੰ ਸ਼ਹਿਰ ਦੇ ਮੁੱਖ ਚੌਕਾਂ ਅਤੇ ਪ੍ਰਮੁੱਖ ਸੜਕਾਂ ’ਤੇ ‘ਭੁਪੇਸ਼ ਬਘੇਲ ਗੋ ਬੈਕ’ ਦੇ ਲੱਗੇ ਫਲੈਕਸਾਂ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਧੜੇਬੰਦੀ ਨੂੰ ਇੱਕ ਵਾਰ ਫਿਰ ਜਨਤਕ ਕਰ ਦਿੱਤਾ ਹੈ। ਇਸ ਤਣਾਅਪੂਰਨ ਮਾਹੌਲ ਦੇ ਚੱਲਦਿਆਂ ਭੁਪੇਸ਼ ਬਘੇਲ ਦੀ ਪ੍ਰਸਤਾਵਿਤ ਪ੍ਰੈੱਸ ਕਾਨਫਰੰਸ ਤਾਂ ਰੱਦ ਕਰ ਦਿੱਤੀ ਗਈ, ਪਰ ਉਨ੍ਹਾਂ ਦਾ ਮੁਕਤਸਰ ਦੌਰਾ ਅਜੇ ਰੱਦ ਨਹੀਂ ਕੀਤਾ ਹੈ। ਜਾਣਕਾਰੀ ਅਨੁਸਾਰ ਭੁਪੇਸ਼ ਬਘੇਲ ਸੋਮਵਾਰ ਨੂੰ ਜ਼ਿਲ੍ਹੇ ਦੇ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਨਾਲ ਬੈਠਕ ਕਰਕੇ ਸੰਗਠਨ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਅਗਲੀ ਰਣਨੀਤੀ 'ਤੇ ਚਰਚਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਆਉਣ ਵਾਲੇ ਸਨ। ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਐਤਵਾਰ ਦੇਰ ਰਾਤ ਤੇ ਸੋਮਵਾਰ ਸਵੇਰੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ 'ਭੁਪੇਸ਼ ਬਘੇਲ ਗੋ ਬੈਕ' ਲਿਖੇ ਫਲੈਕਸ ਲਗਾਏ ਗਏ। ਜਿਵੇਂ ਹੀ ਇਸਦੀ ਜਾਣਕਾਰੀ ਕਾਂਗਰਸ ਨੇਤਾਵਾਂ ਅਤੇ ਪ੍ਰਸ਼ਾਸਨ ਨੂੰ ਮਿਲੀ, ਜ਼ਿਆਦਾਤਰ ਥਾਵਾਂ ਤੋਂ ਪੋਸਟਰ ਹਟਵਾ ਦਿੱਤੇ ਗਏ। ਹਾਲਾਂਕਿ ਕੁਝ ਥਾਵਾਂ ’ਤੇ ਪੋਸਟਰ ਕਾਫੀ ਦੇਰ ਤੱਕ ਲੱਗੇ ਰਹੇ, ਜਿਸ ਨਾਲ ਪੂਰੇ ਸ਼ਹਿਰ ’ਚ ਇਸ ਮੁੱਦੇ ਨੂੰ ਲੈ ਕੇ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ। ਸੂਤਰਾਂ ਅਨੁਸਾਰ ਪੋਸਟਰ ਲਗਾਉਣ ਲਈ ਵਰਤੇ ਜਾ ਰਹੇ ਇੱਕ ‘ਛੋਟਾ ਹਾਥੀ’ ਵਾਹਨ ਨੂੰ ਕੁਝ ਕਾਂਗਰਸੀ ਨੇਤਾਵਾਂ ਨੇ ਰੋਕ ਲਿਆ। ਇਸਤੋਂ ਬਾਅਦ ਮਾਮਲੇ ਦੀ ਸੂਚਨਾ ਥਾਣਾ ਸਦਰ ਪੁਲਿਸ ਨੂੰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸੰਬੰਧਿਤ ਵਾਹਨ ਫਿਲਹਾਲ ਪੁਲਿਸ ਦੇ ਕਬਜ਼ੇ ’ਚ ਹੈ ਅਤੇ ਪੂਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ।
ਸਾਬਕਾ ਕੌੰਸਲਰ ਦੇ ਇਸ਼ਾਰੇ ’ਤੇ ਲਗਾਏ ਜਾ ਰਹੇ ਸੀ ਪੋਸਟਰ
ਦੂਜੇ ਪਾਸੇ ਪੋਸਟਰ ਲਗਾਉਣ ਵਾਲੇ ਕੁਝ ਵਿਅਕਤੀਆਂ ਨਾਲ ਕਥਿਤ ਕੁੱਟਮਾਰ ਦੀ ਵੀ ਚਰਚਾ ਰਹੀ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਜਸ਼ਨਦੀਪ ਸਿੰਘ ਤੇ ਗੁਰਮਾਂਗਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪੋਸਟਰ ਲਗਾਉਣ ਦਾ ਕੰਮ ਇੱਕ ਸਾਬਕਾ ਐੱਮਸੀ ਵੱਲੋਂ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੇਵਲ ਆਪਣਾ ਕੰਮ ਕਰ ਰਹੇ ਸਨ, ਉਦੋਂ ਹੀ 15 ਤੋਂ 20 ਲੋਕ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਦੋਸ਼ ਲਗਾਇਆ ਕਿ ਹਮਲਾਵਰ ਉਨ੍ਹਾਂ ਦਾ ਛੋਟਾ ਹਾਥੀ ਵਾਹਨ ਵੀ ਆਪਣੇ ਨਾਲ ਲੈ ਗਏ। ਜ਼ਖ਼ਮੀ ਨੌਜਵਾਨਾਂ ਦਾ ਇਲਾਜ ਸਿਵਲ ਹਸਪਤਾਲ ’ਚ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸ੍ਰੀ ਮੁਕਤਸਰ ਸਾਹਿਬ ’ਚ ਕਾਂਗਰਸ ਦੇ ਕੁਝ ਸੀਨੀਅਰ ਨੇਤਾਵਾਂ ਅਤੇ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੇ ਵੀ ਪਾਰਟੀ ਲੀਡਰਸ਼ਿਪ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਅਜਿਹੇ ’ਚ ਭੁਪੇਸ਼ ਬਘੇਲ ਦੇ ਦੌਰੇ ਤੋਂ ਪਹਿਲਾਂ ਸਾਹਮਣੇ ਆਇਆ ਪੋਸਟਰ ਵਿਵਾਦ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ।
'ਸਾਈਮਨ ਗੋ ਬੈਕ' ਦੀ ਤਰਜ਼ ’ਤੇ ਲਗਾਏ ਗਏ ਪੋਸਟਰ
ਵਿਰੋਧ ’ਚ ਲਗਾਏ ਗਏ ਪੋਸਟਰਾਂ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਉਨ੍ਹਾਂ ’ਚ ਭੁਪੇਸ਼ ਬਘੇਲ ਨੂੰ ਅੰਗਰੇਜ਼ ਅਧਿਕਾਰੀ ਦੀ ਵਰਦੀ ’ਚ ਦਰਸਾਇਆ ਗਿਆ ਸੀ। ਪੋਸਟਰਾਂ ਦਾ ਡਿਜ਼ਾਈਨ ਆਜ਼ਾਦੀ ਦੀ ਲਹਿਰ ਦੌਰਾਨ ਅੰਗਰੇਜ਼ਾਂ ਖ਼ਿਲਾਫ਼ ਲਗਾਏ ਗਏ 'ਸਾਈਮਨ ਗੋ ਬੈਕ' ਮੁਹਿੰਮ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਇਸੇ ਤਰਜ਼ ’ਤੇ ਪੋਸਟਰਾਂ ’ਚ ‘ਭੁਪੇਸ਼ ਗੋ ਬੈਕ’ ਲਿਖ ਕੇ ਵਿਰੋਧ ਦਰਜ ਕਰਵਾਇਆ ਗਿਆ।
ਸੁਰਗੀਆਂ ਬਟੋਰਨ ਲਈ ਕੀਤਾ ਕਾਰਾ, ਕਾਂਗਰਸ ਇੱਕਜੁਟ : ਜ਼ਿਲ੍ਹਾ ਪ੍ਰਧਾਨ ਬਿੱਟੂ
ਪੋਸਟਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਅੰਦਰੂਨੀ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਅਤੇ ਜ਼ਿਲ੍ਹੇ ਦੀ ਰਾਜਨੀਤੀ ’ਚ ਹਲਚਲ ਤੇਜ਼ ਹੋ ਗਈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗ੍ਰਹਿ ਜ਼ਿਲ੍ਹੇ ’ਚ ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਸਾਹਮਣੇ ਆਉਣ ਨਾਲ ਸਿਆਸੀ ਮਾਹੌਲ ਹੋਰ ਗਰਮਾ ਗਿਆ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਕਿਹਾ ਕਿ ਪੋਸਟਰ ਲਗਾਉਣ ਵਾਲਾ ਵਿਅਕਤੀ ਕਾਫੀ ਸਮਾਂ ਪਹਿਲਾਂ ਪਾਰਟੀ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ। ਅਜਿਹੇ ਲੋਕਾਂ ਦਾ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਕੇਵਲ ਸੁਰਖੀਆਂ ਬਟੋਰਨ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸੰਗਠਨ ਪੂਰੀ ਤਰ੍ਹਾਂ ਇੱਕਜੁੱਟ ਹੈ।
ਸ਼ਿਕਾਇਤ ਮਿਲਣ ’ਤੇ ਹੋਵੇਗੀ ਕਾਰਵਾਈ : ਪੁਲਿਸ
ਇਸ ਸੰਬੰਧ ’ਚ ਥਾਣਾ ਸਦਰ ਦੇ ਇੰਚਾਰਜ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਕੇਵਲ ਕਾਂਗਰਸ ਵੱਲੋਂ ਸ਼ਿਕਾਇਤ ਆਈ ਹੈ ਕਿ ਪੋਸਟਰ ਲਗਾਏ ਜਾ ਰਹੇ ਹਨ, ਜਿਸ 'ਤੇ ਪੋਸਟਰਾਂ ਵਾਲੇ ਵਾਹਨ ਨੂੰ ਥਾਣੇ ਬੰਦ ਕੀਤਾ ਗਿਆ ਹੈ। ਦੂਜੇ ਪੱਖ ਵੱਲੋਂ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਨਾ ਹੀ ਕੋਈ ਐੱਮਐੱਲਆਰ ਹੀ ਆਈ ਹੈ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।