ਭਾਰਤੀ ਕਿਸਾਨ ਯੂਨੀਅਨ ਨੇ ਬੈਂਕ ਅੱਗੇ ਦਿੱਤਾ ਧਰਨਾ
ਭਾਰਤੀ ਕਿਸਾਨ ਯੂਨੀਅਨ ਨੇ ਬੈਂਕ ਮੂਹਰੇ ਲਾਇਆ ਧਰਨਾ
Publish Date: Mon, 30 Mar 2026 06:39 PM (IST)
Updated Date: Mon, 30 Mar 2026 06:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵੱਲੋਂ ਅੱਜ ਪ੍ਰਾਈਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲੈਂਡ ਮਾਰਗੇਜ ਬੈਂਕ ਜੀਟੀ ਰੋਡ ਮਲੋਟ ਅੱਗੇ ਦੋ ਘੰਟਿਆਂ ਦਾ ਧਰਨਾ ਦਿੰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਪਿੰਡ ਹਰੀ ਨੌ ਦੇ ਦੋ ਕਿਸਾਨ ਜੋ ਕਥਿਤ ਤੌਰ ’ਤੇ ਲੈਂਡਮਾਰਕ ਬੈਂਕ ਵੱਲੋਂ ਪਰੇਸ਼ਾਨ ਕਰਨ ਤੇ ਖੁਦਕਸ਼ੀ ਕਰ ਗਏ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ। ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਖੜਕ ਸਿੰਘ ਤੇ ਹੋਰ ਆਗੂਆਂ ਨੇ ਕਿਹਾ ਕਿ ਅੱਜ ਦੋ ਘੰਟਿਆਂ ਦਾ ਸੰਕੇਤਕ ਧਰਨੇ ’ਚ ਮੰਗ ਕੀਤੀ ਗਈ ਕਿ ਲੈਂਡ ਮਾਰਗੇਜ ਬੈਂਕ ਦਾ ਕਰਜਾ ਨਾ ਮੋੜਨ ਕਰਕੇ ਦੋਵਾਂ ਕਿਸਾਨਾਂ ਨੂੰ ਲੈਂਡਮਾਰਕ ਦੇ ਮੈਨੇਜਰ ਵੱਲੋਂ ਕੀਤੀ ਜਲੀਲਤਾ ਨੇ ਇਨ੍ਹਾਂ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਬੈਂਕ ਵੱਲੋਂ ਕਿਸਾਨਾਂ ਨੂੰ ਜਲੀਲ ਕਰਨ ਦੇ ਨਵੇਂ ਨਵੇਂ ਪੈਂਚੜੇ ਘੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਬੈਂਕ ਵੱਲੋਂ 20 ਏਕੜ ਤੋਂ ਵੱਧ ਜਮੀਨਾਂ ਵਾਲਿਆਂ ਦੇ ਕਰਜ਼ੇ ਵਸੂਲਣ ਲਈ ਉਨ੍ਹਾਂ ਦੇ ਘਰਾਂ ਅੱਗੇ ਸੱਥ ਵਿੱਚ ਵੱਡੇ ਪੋਸਟਰ ਲਏ ਜਾਣ ਬਾਰੇ ਆਖਿਆ ਜਾ ਰਿਹਾ ਹੈ ਜੇਕਰ ਫਿਰ ਵੀ ਇਹ ਕਿਸਾਨ ਕਰਜਾ ਨਹੀਂ ਮੋੜ ਸਕਦੇ ਤਾਂ ਉਨ੍ਹਾਂ ਦੇ ਜਮੀਨ ਦੀ, ਘਰਾਂ ਦੀ ਕੁਰਕੀ, ਨਿਲਾਮੀ ਕਰਕੇ ਕਰਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਨੋਟੀਫਿਕੇਸ਼ਨ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਸੰਯੁਕਤ ਕਿਸਾਨ ਮੋਰਚਾ ਆਪਣਾ ਸੰਘਰਸ ਜਾਰੀ ਰੱਖੇਗਾ। ਅਗਲੀ ਰਣਨੀਤੀ ਪੁੱਛੇ ਜਾਣ ਤੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਜਿਸ ਵੀ ਮੋਰਚੇ ਨੂੰ ਹੱਥ ਪਾਇਆ ਹੈ ਉਹ ਫਤਹਿ ਕਰਕੇ ਹੀ ਉਹ ਛੱਡਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਵੀ ਭਾਵੇਂ ਸੜਕਾਂ ਰੋਕਣੀਆਂ ਪੈਣ, ਜੇਲਾਂ ਭਰਨੀਆਂ ਪੈਣ, ਉਹ ਸੰਘਰਸ਼ ਜਾਰੀ ਰੱਖਣਗੇ ਜਿੰਨਾ ਚਿਰ ਹਰੀ ਨੌ ਪਿੰਡ ਦੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਪਿੰਡਾਂ ’ਚ ਘਿਰਾਓ ਤੱਕ ਵੀ ਕਰ ਸਕਦੇ ਹਨ।