-ਮੰਡੀਆਂ ’ਚ ਝੋਨੇ ਦੀ ਧੀਮੀ ਖ਼ਰੀਦ ਤੇ ਕਟੌਤੀ ਦੇ ਵਿਰੋਧ ’ਚ ਕੀਤਾ ਚੱਕਾ ਜਾਮ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਭਲਾਈਆਣਾ ਵਿਖੇ ਮੁੱਖ ਮਾਰਗ ’ਤੇ ਚੱਕਾ ਜਾਮ
Publish Date: Mon, 09 Nov 2026 05:29 PM (IST)
Updated Date: Mon, 09 Nov 2026 05:32 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਗਿੱਦੜਬਾਹਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਅਗਵਾਈ ਹੇਠ ਦਾਣਾ ਮੰਡੀ ਭਲਾਈਆਣਾ ਅਤੇ ਆਸ-ਪਾਸ ਦੀਆਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਅਤੇ ਲਿਫ਼ਟਿੰਗ ਦੀ ਸਮੱਸਿਆ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਭਲਾਈਆਣਾ ਨੇੜੇ ਬਠਿੰਡਾ-ਮੁਕਤਸਰ ਮੁੱਖ ਮਾਰਗ ’ਤੇ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਚੱਕਾ ਜਾਮ ਕਰਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਰੱਖੀ ਗਈ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ, ਬੱਸਾਂ ਅਤੇ ਟਰੱਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਖ਼ਰੀਦ ਏਜੰਸੀਆਂ ਜਿਵੇਂ ਪਨਗ੍ਰੇਨ ਆਦਿ ਵੱਲੋਂ ਜ਼ਿਆਦਾਤਰ ਮੰਡੀਆਂ ’ਚ ਸਿਰਫ਼ ਇੱਕ-ਇੱਕ ਸ਼ੈਲਰ ਹੀ ਅਲਾਟ ਕੀਤਾ ਗਿਆ ਹੈ, ਜਿਸਦਾ ਫ਼ਾਇਦਾ ਚੁੱਕ ਕੇ ਸ਼ੈਲਰ ਮਾਲਕ ਮਨਮਾਨੀਆਂ ਕਰ ਰਹੇ ਹਨ। ਆਗੂਆਂ ਅਨੁਸਾਰ ਮਾਪਦੰਡ ਮਾਪਣ ਵਾਲੀਆਂ ਮਸ਼ੀਨਾਂ ’ਚ ਗੜਬੜੀ ਕਰਕੇ 3 ਫ਼ੀਸਦੀ ਤੱਕ ਨਮੀ ਵੱਧ ਦਿਖਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਡਰਾ ਕੇ ਅੰਦਰਖਾਤੇ ਢਾਈ ਤੋਂ ਤਿੰਨ ਕਿੱਲੋ ਪ੍ਰਤੀ ਕੁਇੰਟਲ ਕਾਟ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੇ ਮੁਥਾਜ ਹੋਣ ਕਾਰਨ ਕਿਸਾਨ ਬੋਲ ਨਹੀਂ ਰਹੇ, ਜਦਕਿ ਮੌਕੇ ’ਤੇ ਤਾਇਨਾਤ ਇੰਸਪੈਕਟਰ ਸਖ਼ਤ ਨਿਯਮਾਂ ਦਾ ਬਹਾਨਾ ਬਣਾ ਕੇ ਬੇਵੱਸੀ ਜਤਾ ਰਹੇ ਹਨ ਅਤੇ ਮਾਰਕਿਟ ਕਮੇਟੀ ਦੇ ਅਧਿਕਾਰੀ ਚੁੱਪ ਵੱਟ ਕੇ ਆਪਣੀ ਸਹਿਮਤੀ ਦੇ ਰਹੇ ਹਨ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਤੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ 24 ਘੰਟਿਆਂ ’ਚ ਖ਼ਰੀਦ ਅਤੇ ਅਦਾਇਗੀ ਦੇ ਦਾਅਵੇ ਕਰਦੀ ਸੀ, ਪਰ ਕਿਸਾਨ ਪਿਛਲੇ 15 ਤੋਂ 18 ਦਿਨਾਂ ਤੋਂ ਮੰਡੀਆਂ ’ਚ ਰੁਲਣ ਲਈ ਮਜ਼ਬੂਰ ਹਨ। ਹਾਲਾਤ ਇਹ ਹਨ ਕਿ ਕਿਸਾਨਾਂ ਨੂੰ ਦਿਵਾਲੀ ਦਾ ਤਿਉਹਾਰ ਵੀ ਮੰਡੀਆਂ ’ਚ ਹੀ ਮਨਾਉਣਾ ਪਿਆ। ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ’ਚ ਨਮੀ ਦੀ ਛੋਟ ਦੀ ਸੀਮਾ 17 ਫ਼ੀਸਦੀ ਤੋਂ ਵਧਾ ਕੇ 22 ਫ਼ੀਸਦੀ ਕੀਤੀ ਜਾਵੇ, ਕੇਂਦਰ ਸਰਕਾਰ ਸ਼ੈਲਰਾਂ ਵਿੱਚ ਝੋਨੇ ਤੋਂ ਚੌਲ ਦੀ ਮੀਲਿੰਗ 67 ਕਿੱਲੋ ਦੀ ਥਾਂ 64 ਕਿੱਲੋ ਕਰੇ ਤਾਂ ਜੋ ਹਾਈਬ੍ਰਿਡ ਝੋਨੇ ਦੀ ਸਮੱਸਿਆ ਦਾ ਹੱਲ ਹੋ ਸਕੇ ਅਤੇ ਮੰਡੀਆਂ ’ਚੋਂ ਲਿਫ਼ਟਿੰਗ ਦੀ ਪ੍ਰਕਿਰਿਆ ਨੂੰ ਤੁਰੰਤ ਤੇਜ਼ ਕੀਤਾ ਜਾਵੇ। ਓਧਰ ਧਰਨੇ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੱਧਰੀ ਅਧਿਕਾਰੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਮੰਡੀ ਦੀ ਖ਼ਰੀਦ ਦੇ ਆਰਓ ਕਟਵਾ ਕੇ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦ ਸ਼ੁਰੂ ਕਰਵਾਈ ਅਤੇ ਵਿਸ਼ਵਾਸ ਦਿਵਾਇਆ ਕਿ ਮੰਡੀਆਂ ’ਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਅਧਿਕਾਰੀਆਂ ਦੇ ਇਸ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ, ਜਿਸਤੋਂ ਬਾਅਦ ਆਵਾਜਾਈ ਸੁਚਾਰੂ ਰੂਪ ’ਚ ਬਹਾਲ ਹੋ ਗਈ। ਇਸ ਮੌਕੇ ਗਿੱਦੜਬਾਹਾ ਬਲਾਕ ਮੀਤ ਪ੍ਰਧਾਨ ਜੋਗਿੰਦਰ ਸਿੰਘ, ਮਿੱਠੂ ਸਿੰਘ ਪ੍ਰੇਮੀ ਬੁੱਟਰ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂੜਕੋਟ, ਜਗਰਾਜ ਸਿੰਘ ਸੁਖਨਾ ਅਬਲੂ, ਸੁਖਦੇਵ ਸਿੰਘ ਖੂਨਣ ਖੁਰਦ, ਮਿੱਠਾ ਲਾਲ, ਨਾਹਰ ਸਿੰਘ ਦੌਲਾ, ਇਕਬਾਲ ਸਿੰਘ, ਰਣਜੀਤ ਸਿੰਘ ਖਾਲਸਾ ਬੁੱਟਰ ਬਖੂਹਾ, ਸੇਵਾ ਸਿੰਘ, ਗੁਰਦੀਪ ਸਿੰਘ, ਮੇਜਰ ਸਿੰਘ ਭਲਾਈਆਣਾ, ਅੰਗਰੇਜ਼ ਸਿੰਘ ਫੌਜੀ, ਬਿੱਟੂ ਮੱਲਣ, ਸਾਧੂ ਸਿੰਘ, ਅਜੈਬ ਸਿੰਘ, ਗੁਰਦੇਵ ਸਿੰਘ ਛੱਤੇਆਣਾ, ਜਸਵੀਰ ਸਿੰਘ ਪੱਪਲਾ, ਕੁੰਦਨ ਸਿੰਘ ਖਾਲਸਾ ਦੋਦਾ, ਜਗਸੀਰ ਸਿੰਘ ਘਾਲੀ ਖਾਲਸਾ, ਜਸਪਾਲ ਸਿੰਘ, ਮੱਘਰ ਸਿੰਘ, ਕਰਮ ਸਿੰਘ ਖਾਲਸਾ ਕੋਟਲੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਨੇਤਾ ਕੋਟਭਾਈ ਸਮੇਤ ਵੱਡੀ ਗਿਣਤੀ ’ਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।