ਭੁਪਿੰਦਰ ਕੌਰ ਪ੍ਰੀਤ ਦੀ ਕਾਵਿ-ਪੁਸਤਕ ਭਗਵੰਤ ਮਾਨ ਕਰਨਗੇ ਰਿਲੀਜ਼
ਭੁਪਿੰਦਰ ਕੌਰ ਪ੍ਰੀਤ ਦੀ ਕਾਵਿ-ਪੁਸਤਕ ਭਗਵੰਤ ਮਾਨ ਕਰਨਗੇ ਰਿਲੀਜ਼
Publish Date: Sat, 24 Jan 2026 04:52 PM (IST)
Updated Date: Sat, 24 Jan 2026 04:55 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸ਼ਾਇਰਾ ਭੁਪਿੰਦਰ ਕੌਰ ਪ੍ਰੀਤ ਦੀ ਪੁਸਤਕ ‘ਚੋਣਵੀਂ ਸਮਕਾਲੀ ਹਿੰਦੀ ਕਵਿਤਾ’ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਈ ਜਾ ਰਹੀ 37ਵੀਂ ਅੰਤਰ-ਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਮੌਕੇ 28 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਦੱਸਿਆ ਕਿ ਇਹ ਕਾਨਫਰੰਸ ‘ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਦੀ ਮਾਧਿਅਮ ਵਜੋਂ ਵਰਤੋਂ: ਸਮੱਸਿਆਵਾਂ ਅਤੇ ਸਮਾਧਾਨ’ ਵਿਸ਼ੇ ਉਪਰ ਕਰਵਾਈ ਜਾ ਰਹੀ ਹੈ। ਭੁਪਿੰਦਰ ਪ੍ਰੀਤ ਦੀ ਯੂਨੀਵਰਸਿਟੀ ਵੱਲੋਂ ਇਸ ਪੁਸਤਕ ਦੀ ਅਹਿਮੀਅਤ ਨੂੰ ਸਵੀਕਾਰ ਕਰਦਿਆਂ ਇਸਨੂੰ ਛਾਪਿਆ ਗਿਆ ਹੈ ਜੋ ਕਿ ਵਿਦਿਆਰਥੀ ਲਈ ਬਹੁਤ ਲਾਹੇਵੰਦ ਹੈ। ਇਸ ਦੌਰਾਨ ਭੁਪਿੰਦਰ ਪ੍ਰੀਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪੁਸਤਕ ਵਿੱਚ ਭਾਰਤ ਦੇ ਕਵੀਆਂ ਵੱਲੋਂ ਕਰੀਬ ਅੱਧੀ ਸਦੀਂ ’ਚ ਰਚੀ ਗਈ ਹਿੰਦੀ ਕਵਿਤਾ ਨੂੰ ਪੰਜਾਬੀ ਭਾਸ਼ਾ ’ਚ ਲਿੱਪੀਅੰਤਰ ਕੀਤਾ ਗਿਆ ਹੈ। ਇਹ ਕਾਰਜ ਕਾਫੀ ਚੁਣੌਤੀ ਭਰਿਆ ਸੀ, ਕਿਉਂਕੇ ਇਸ ਵਾਸਤੇ ਕਵਿਤਾ ਦੇ ਅੰਤਰੀਵ ਭਾਵ ਤੇ ਕਵੀ ਦੇ ਮਨ ਦੀ ਉਡਾਰੀ ਨੂੰ ਪੰਜਾਬੀ ਭਾਸ਼ਾ ’ਚ ਢਾਲਣ ਲਈ ਖੁਦ ਨੂੰ ਮਨਫੀ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿੱਚ ਕਵੀ ਕੇਦਾਰ ਨਾਥ ਸਿੰਘ, ਭਗਵਤ ਰਾਵਤ, ਲੀਲਾਧਰ ਮੰਡਲੋਈ, ਅਰੁਣ ਕਮਲ, ਰਾਜੇਸ਼ ਜੋਸ਼ੀ, ਚੰਦਰਕਾਂਮ ਦੇਵਤਾਲੇ, ਮਦਨ ਕਸ਼ਿਅਪ, ਏਕਾਂਤ ਸ਼ਿਰੀ ਵਾਸਤਵ, ਕੁਮਾਰ ਅੰਬੁਜ, ਪਵਨ ਕਰਨ, ਸੁਰੇਸ਼ ਸੈਨ ਨਿਸ਼ਾਂਤ ਆਪਣੇ ਸਮੇਂ ਦੇ ਸਿਰਮੌਰ ਅਤੇ ਸਾਹਿਤ ਅਕਾਦਮੀ ਜੇਤੂ ਕਵੀ ਹਨ।