ਪਰਵਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਗਿੱਦੜਬਾਹਾ ’ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
Publish Date: Thu, 15 Oct 2026 06:44 PM (IST)
Updated Date: Fri, 16 Oct 2026 04:04 AM (IST)
ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਕੀਤੀ ਮੰਗ ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ, ਗਿੱਦੜਬਾਹਾ : ਸਮਾਜਸੇਵੀ ਪਰਵਿੰਦਰ ਸਿੰਘ ਝੋਟੇ ਦੀ ਮੌਤ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਗਿੱਦੜਬਾਹਾ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਲੋਟ ਰੋਡ ਤੇ ਬਠਿੰਡਾ ਰੋਡ ’ਤੇ ਧਰਨਾ ਲਗਾ ਕੇ ਰੋਸ ਪ੍ਰਗਟਾਇਆ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਦੇ ਨਾਲ ਹੀ ਨਸ਼ਾ ਤਸਕਰੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਤੇ ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਉਠਾਈ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੀ ਮੌਤ ਨਾਲ ਇਨਸਾਫ਼ ਦੀ ਮੰਗ ਨੂੰ ਲੈ ਕੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਾਨੂੰਨ ਅਨੁਸਾਰ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਜਥੇਬੰਦੀਆਂ ਦੇ ਆਗੂਆਂ ਨੇ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਖ਼ਾਤਮੇ ਲਈ ਠੋਸ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਕਿਸਾਨ ਮਜ਼ਦੂਰ ਜਥੇਬੰਦੀ ਭਾਰਤ ਵੱਲੋਂ ਜਨਰਲ ਸਕੱਤਰ ਪੰਜਾਬ ਨੇਤਾ ਸਿੰਘ ਮਾਨ, ਸੂਬਾ ਮੀਤ ਪ੍ਰਧਾਨ ਨਾਨਕ ਸਿੰਘ, ਜਸਵੰਤ ਸਿੰਘ ਤੇ ਲਖਵੀਰ ਸਿੰਘ ਇਕਾਈ ਪ੍ਰਧਾਨ ਕੋਟਭਾਈ ਸਮੇਤ ਹੋਰ ਆਗੂ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਪ੍ਰਧਾਨ ਠਾਣਾ ਸਿੰਘ ਤੇ ਗੋਰਾ ਸਿੰਘ ਖ਼ਾਲਸਾ ਨੇ ਸ਼ਮੂਲੀਅਤ ਕੀਤੀ। ਉਗਰਾਹਾਂ ਜਥੇਬੰਦੀ ਵੱਲੋਂ ਬਿੱਟੂ ਸਿੰਘ ਮੱਲਣ ਤੇ ਹਰਬੰਸ ਸਿੰਘ, ਰੁਲਦੂ ਮਾਨਸਾ ਜਥੇਬੰਦੀ ਵੱਲੋਂ ਕੁਲਵੰਤ ਸਿੰਘ ਤੇ ਕਾਦੀਆਂ ਜਥੇਬੰਦੀ ਵੱਲੋਂ ਹਰਭਜਨ ਸਿੰਘ ਵੀ ਮੌਜੂਦ ਰਹੇ। ਇਸੇ ਤਰ੍ਹਾਂ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਕ੍ਰਿਸ਼ਨ ਸਿੰਘ, ਅਵਤਾਰ ਸਿੰਘ ਫੌਜੀ, ਗੁਰਸੇਵਕ ਸਿੰਘ, ਜਗਦੇਵ ਸਿੰਘ ਸਵਾਂਗ, ਨਿਰਮਲ ਸਿੰਘ, ਹੁਸਨਰ, ਕਾਲਾ ਸਿੰਘ, ਮਨੀ ਸਿੰਘ ਰੁਖਾਲਾ ਸਮੇਤ ਹੋਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਤਰਨਾ ਦਲ ਵੱਲੋਂ ਸਤਵੰਤ ਸਿੰਘ ਤੇ ਸੁਰਿੰਦਰ ਸਿੰਘ, ਜਦਕਿ ਕ੍ਰਾਂਤੀਕਾਰੀ ਜਥੇਬੰਦੀ ਵੱਲੋਂ ਟਹਿਲ ਸਿੰਘ ਹੁਸਨਰ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਇਸ ਦੌਰਾਨ ਪਿੰਡ ਪਿਊਰੀ ਤੇ ਬੁੱਟਰ ਬਖੂਹਾ ਵੱਲੋਂ ਚਾਹ ਦੇ ਲੰਗਰ ਦੀ ਸੇਵਾ ਕੀਤੀ ਗਈ ਜਦਕਿ ਪਿੰਡ ਫਕਰਸਰ ਦੇ ਵਸਨੀਕਾਂ ਵੱਲੋਂ ਲੰਗਰ ਤੇ ਪ੍ਰਸ਼ਾਦੇ ਦੀ ਸੇਵਾ ਨਿਭਾਈ ਗਈ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਨਸਾਫ਼ ਮਿਲਣ ਤੱਕ ਆਪਣੀ ਆਵਾਜ਼ ਬੁਲੰਦ ਰੱਖਣ ਦੀ ਗੱਲ ਕਹੀ।