ਮੁਕਤਸਰ ’ਚ ਕਾਗਜ਼ਾਂ ਤੱਕ ਸੀਮਤ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਮੁਕਤਸਰ ’ਚ ਕਾਗਜ਼ਾਂ ਤੱਕ ਸੀਮਤ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ, ਬਾਜ਼ਾਰਾਂ ’ਚ ਧੜੱਲੇ ਨਾਲ ਵਿਕ ਰਹੀ ਪੋਲੀਥੀਨ
Publish Date: Mon, 31 Aug 2026 06:15 PM (IST)
Updated Date: Mon, 31 Aug 2026 06:16 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਗਾਏ ਜਾਣ ਦੇ ਚਾਰ ਸਾਲਾਂ ਬਾਅਦ ਵੀ ਸ੍ਰੀ ਮੁਕਤਸਰ ਸਾਹਿਬ ’ਚ ਇਸਦੀ ਵਰਤੋਂ ਬੇਖੌਫ਼ ਜਾਰੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਸਬਜ਼ੀ ਮੰਡੀ, ਕਰਿਆਨਾ ਦੁਕਾਨਾਂ ਅਤੇ ਰੇਹੜੀ-ਫੜ੍ਹੀ ਤੇ ਪਾਬੰਦੀਸ਼ੁਦਾ ਪੋਲੀਥੀਨ ਦੇ ਲਿਫ਼ਾਫ਼ੇ ਖੁੱਲ੍ਹੇਆਮ ਵਰਤੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੀ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਈ ਹੈ। ਕਦੇ-ਕਦਾਈਂ ਚਲਾਨ ਕੱਟ ਕੇ ਮੁਹਿੰਮ ਚਲਾਉਣ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਨਿਯਮਤ ਨਿਗਰਾਨੀ ਅਤੇ ਸਖ਼ਤੀ ਦੀ ਘਾਟ ਕਾਰਨ ਪਾਬੰਦੀ ਦਾ ਕੋਈ ਖ਼ਾਸ ਅਸਰ ਦਿਖਾਈ ਨਹੀਂ ਦੇ ਰਿਹਾ। ਸਰਕਾਰ ਨੇ 1 ਜੁਲਾਈ 2022 ਤੋਂ ਪੂਰੇ ਦੇਸ਼ ਵਿੱਚ ਸਿੰਗਲ ਯੂਜ਼ ਪਲਾਸਟਿਕ ਤੇ ਮੁਕੰਮਲ ਪਾਬੰਦੀ ਲਾਗੂ ਕੀਤੀ ਸੀ। ਸ਼ੁਰੂਆਤੀ ਦਿਨਾਂ ਵਿੱਚ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਅਤੇ ਕਈ ਥਾਵਾਂ ਤੇ ਜੁਰਮਾਨਾ ਵੀ ਲਗਾਇਆ ਗਿਆ। ਹਾਲਾਂਕਿ ਸਮਾਂ ਬੀਤਣ ਦੇ ਨਾਲ ਮੁਹਿੰਮ ਦੀ ਰਫ਼ਤਾਰ ਹੌਲੀ ਪੈ ਗਈ। ਹੁਣ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰਾਂ ਵਿੱਚ ਪੋਲੀਥੀਨ ਦੀ ਵਰਤੋਂ ਮੁੜ ਆਮ ਗੱਲ ਬਣ ਚੁੱਕੀ ਹੈ। ਸ਼ਹਿਰ ਦੇ ਬਾਜ਼ਾਰਾਂ ਅਤੇ ਸਬਜ਼ੀ ਮੰਡੀ ’ਚ ਜ਼ਿਆਦਾਤਰ ਦੁਕਾਨਦਾਰ ਗਾਹਕਾਂ ਨੂੰ ਸਾਮਾਨ ਪੋਲੀਥੀਨ ਦੇ ਲਿਫ਼ਾਫ਼ਿਆਂ ਵਿੱਚ ਹੀ ਦੇ ਰਹੇ ਹਨ। ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਾਹਕ ਕੱਪੜੇ ਦਾ ਥੈਲਾ ਲੈ ਕੇ ਨਹੀਂ ਆਉਂਦੇ, ਇਸ ਲਈ ਮਜਬੂਰੀ ਵਿੱਚ ਪੋਲੀਥੀਨ ਦੇਣੀ ਪੈਂਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਪ੍ਰਸ਼ਾਸਨ ਨਿਯਮਤ ਤੌਰ ਤੇ ਚੈਕਿੰਗ ਮੁਹਿੰਮ ਚਲਾਵੇ ਅਤੇ ਸਪਲਾਈ ਦੇ ਪੱਧਰ ਤੇ ਰੋਕ ਲਗਾਵੇ, ਤਾਂ ਹੀ ਇਸ ਸਮੱਸਿਆ ਤੇ ਪ੍ਰਭਾਵਸ਼ਾਲੀ ਕੰਟਰੋਲ ਸੰਭਵ ਹੈ। ਸਮਾਜਸੇਵੀ ਜਗਦੀਸ਼ ਰਾਏ ਢੋਸੀਵਾਲ ਦਾ ਕਹਿਣਾ ਹੈ ਕਿ ਸਿਰਫ਼ ਪਾਬੰਦੀ ਲਗਾਉਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਸਰਕਾਰ ਨੂੰ ਜੂਟ ਅਤੇ ਕੱਪੜੇ ਦੇ ਥੈਲਿਆਂ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਦੇਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਸਸਤੇ ਅਤੇ ਹੰਢਣਸਾਰ ਬਦਲ ਆਸਾਨੀ ਨਾਲ ਮਿਲ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬਦਲਵੀਂ ਵਿਵਸਥਾ ਮਜ਼ਬੂਤ ਨਹੀਂ ਹੋਵੇਗੀ, ਉਦੋਂ ਤੱਕ ਪਲਾਸਟਿਕ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਵਾਉਣਾ ਮੁਸ਼ਕਿਲ ਰਹੇਗਾ। ਪਹਿਲਾਂ ਫੈਕਟਰੀਆਂ ਤੇ ਹੋਵੇ ਕਾਰਵਾਈ : ਦੁਕਾਨਦਾਰ ਕਰਿਆਨਾ ਦੁਕਾਨਦਾਰ ਬੰਟੀ ਕੁਮਾਰ ਨੇ ਕਿਹਾ ਕਿ ਛੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਤੇ ਕਾਰਵਾਈ ਕਰਨ ਤੋਂ ਪਹਿਲਾਂ ਪੋਲੀਥੀਨ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਥੋਕ ਵਿਕਰੇਤਾਵਾਂ ਤੇ ਸਖ਼ਤੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਾਹਕ ਘਰੋਂ ਕੱਪੜੇ ਦਾ ਥੈਲਾ ਨਹੀਂ ਲਿਆਉਂਦੇ ਅਤੇ ਜੇਕਰ ਦੁਕਾਨਦਾਰ ਬਿਨਾਂ ਲਿਫ਼ਾਫ਼ੇ ਦੇ ਸਾਮਾਨ ਦੇਵੇ ਤਾਂ ਗਾਹਕ ਦੂਜੀ ਦੁਕਾਨ ਤੇ ਚਲਾ ਜਾਂਦਾ ਹੈ। ਪਹਿਲਾਂ ਹੀ ਕਾਰੋਬਾਰ ਮੰਦਾ ਹੈ, ਇਸ ਲਈ ਪੋਲੀਥੀਨ ਦੇਣਾ ਉਨ੍ਹਾਂ ਦੀ ਮਜਬੂਰੀ ਬਣ ਜਾਂਦਾ ਹੈ। ਦੁਕਾਨਦਾਰ ਮੰਗਰ ਸਿੰਘ ਅਤੇ ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਵਾਤਾਵਰਨ ਦੀ ਸੰਭਾਲ ਲਈ ਲੋਕਾਂ ਨੂੰ ਆਪਣੀ ਆਦਤ ਬਦਲਣੀ ਪਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹਰੇਕ ਵਿਅਕਤੀ ਖ਼ਰੀਦਦਾਰੀ ਦੇ ਸਮੇਂ ਘਰੋਂ ਕੱਪੜੇ ਦਾ ਥੈਲਾ ਲੈ ਕੇ ਨਿਕਲੇ ਤਾਂ ਪਲਾਸਟਿਕ ਦੀ ਵਰਤੋਂ ਕਾਫ਼ੀ ਹੱਦ ਤੱਕ ਘੱਟ ਹੋ ਸਕਦੀ ਹੈ। ਸਿੰਗਲ ਯੂਜ਼ ਪਲਾਸਟਿਕ ਖ਼ਿਲਾਫ਼ ਜਾਗਰੂਕਤਾ ਮੁਹਿੰਮ ਜਾਰੀ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਖ਼ਿਲਾਫ਼ ਜਾਗਰੂਕਤਾ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਛੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਅਤੇ ਕਰੀਬ ਪੰਜ ਕਿਲੋਗ੍ਰਾਮ ਪਾਬੰਦੀਸ਼ੁਦਾ ਪੋਲੀਥੀਨ ਜ਼ਬਤ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣ ਮਸਰੂਫ਼ੀਅਤਾਂ ਅਤੇ ਦੋ ਹੋਰ ਨਗਰ ਕੌਂਸਲਾਂ ਦਾ ਵਾਧੂ ਚਾਰਜ ਹੋਣ ਕਾਰਨ ਕਾਰਵਾਈ ਦੀ ਗਤੀ ਪ੍ਰਭਾਵਿਤ ਹੋਈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਕੇ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਬਣਾਉਣ ਵਿੱਚ ਸਹਿਯੋਗ ਦੇਣ।