ਡਿਜੀਟਲ ਸਵੈਗਣਨਾ 2027 ਸਬੰਧੀ ਜਾਗਰੂਕਤਾ ਸੈਮੀਨਾਰ ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਡਿਜੀਟਲ ਸਵੈਗਣਨਾ 2027 ਸਬੰਧੀ ਜਾਗਰੂਕਤਾ ਸੈਮੀਨਾਰ
Publish Date: Fri, 20 Nov 2026 05:27 PM (IST)
Updated Date: Sat, 21 Nov 2026 04:01 AM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਡਿਜੀਟਲ ਸਵੈ ਗਣਨਾ ਦੇ ਦੂਜੇ ਪੜਾਅ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ’ਚ ਪੰਜਾਬ ਸਰਕਾਰ ਵੱਲੋਂ ਨਿਯੁਕਤ ਫੀਲਡ ਟ੍ਰੇਨਰ ਲੈਕਚਰਾਰ ਸ਼ਮਿੰਦਰ ਬੱਤਰਾ ਸੁਰਿੰਦਰ ਕੁਮਾਰ ਅਤੇ ਨਵੀਨ ਕੁਮਾਰ ਬੁਲਾਰਿਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਨਗਣਨਾ ਦੀ ਮਹੱਤਤਾ, ਇਸਦੀ ਵਿਧੀ, ਸਹੀ ਅੰਕੜਿਆਂ ਦੀ ਇਕੱਤਰਤਾ ਅਤੇ ਪ੍ਰਸ਼ਾਸਨਿਕ ਯੋਜਨਾਬੰਦੀ, ਨੀਤੀ ਨਿਰਮਾਣ ਤੇ ਦੇਸ਼ ਦੇ ਵਿਕਾਸ ’ਚ ਇਸ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਵੈ ਗਣਨਾ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜਨਗਣਨਾ ਦੇ ਅੰਕੜਿਆਂ ਰਾਹੀਂ ਆਬਾਦੀ ਦੇ ਰੁਝਾਨਾਂ ਨੂੰ ਸਮਝਣ, ਸਰਕਾਰੀ ਯੋਜਨਾਵਾਂ ਬਣਾਉਣ ਅਤੇ ਲੋਕ-ਭਲਾਈ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਚਾਨਣਾ ਪਾਇਆ। ਇਸ ਦੇ ਨਾਲ ਹੀ ਜਨਗਣਨਾ ਦੀ ਪ੍ਰਕਿਰਿਆ ਅਤੇ ਇਸ ਨਾਲ ਜੁੜੀਆਂ ਜ਼ਿੰਮੇਵਾਰੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਅਤੇ ਪੀਸੀਐੱਸ ਗੁਰਕਿਰਨਦੀਪ ਸਿੰਘ ਦੀ ਪ੍ਰਸ਼ਾਸਨਿਕ ਅਗਵਾਈ ਹੇਠ ਚੱਲ ਰਹੀ ਜਨਗਣਨਾ ਪਹਿਲਕਦਮੀ ਦੇ ਸੰਦਰਭ ’ਚ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਨੇ ਦੱਸਿਆ ਕਿ ਇਸ ਜਾਣਕਾਰੀ ਨਾਲ ਵਿਦਿਆਰਥੀਆਂ ਦੀ ਜਨਗਣਨਾ ਦੀ ਮਹੱਤਤਾ ਅਤੇ ਰਾਸ਼ਟਰ ਨਿਰਮਾਣ ’ਚ ਇਸ ਦੇ ਯੋਗਦਾਨ ਬਾਰੇ ਜਾਗਰੂਕਤਾ ਵਧੀ ਹੈ ਅਤੇ ਹਰ ਘਰ ’ਚ ਜਾਣਕਾਰੀ ਪਹੁੰਚਾਉਣ ਲਈ ਵਧੀਆ ਉਪਰਾਲਾ ਹੈ। ਸਥਾਨਕ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਵੱਲੋਂ ਬੁਲਾਰਿਆਂ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਅਤੇ ਇਸ ਕਾਰਜ ’ਚ ਸਹਿਯੋਗ ਦੇਣ ਲਈ ਪ੍ਰੋਤਸਾਹਿਤ ਕੀਤਾ।