ਡੀਏ ਦੀ ਕਿਸ਼ਤ ਨਾ ਮਿਲਣ ’ਤੇ ਭੜਕੇ ਆਰਮੀ ਵੈਟਰਨਜ਼ ਡੀਏ ਦੀ ਕਿਸ਼ਤ ਨਾ ਮਿਲਣ ਤੋਂ ਭੜਕੇ ਆਰਮੀ ਵੈਟਰਨਜ਼
Publish Date: Mon, 09 Nov 2026 03:54 PM (IST)
Updated Date: Mon, 09 Nov 2026 03:56 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਰਮੀ ਵੈਟਰਨ ਵੈੱਲਫੇਅਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਸਰਕਾਰੀ ਮੁਲਾਜ਼ਮਾਂ ਅਤੇ ਆਰਮੀ ਵੈਟਰਨਜ਼ ਨਾਲ ਬੇਰੁਖ਼ੀ ਵਾਲਾ ਰਵੱਈਆ ਅਪਣਾਉਣ ਦੇ ਗੰਭੀਰ ਦੋਸ਼ ਲਾਏ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇਦਾਰ ਗੰਧੜ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਛੇ ਮਹੀਨੇ ਬਾਅਦ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ (ਡੀਏ) ਦੀ ਕਿਸ਼ਤ ਦਿੰਦੀ ਹੈ। ਸਰਕਾਰ ਨੇ 3 ਪ੍ਰਤੀਸ਼ਤ ਡੀਏ ਦਾ ਐਲਾਨ ਤਾਂ ਕਰ ਦਿੱਤਾ ਹੈ, ਪਰ ਦੀਵਾਲੀ ਦਾ ਤਿਉਹਾਰ ਲੰਘ ਜਾਣ ਦੇ ਬਾਵਜੂਦ ਹੁਣ ਤੱਕ ਇਹ ਪੈਸਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਖ਼ਾਤਿਆਂ ’ਚ ਨਹੀਂ ਆਇਆ। ਸੂਬੇਦਾਰ ਗੰਧੜ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਦਾ ਬਕਾਇਆ (ਏਰੀਅਰ) ਵੀ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਪੂਰਵ ਮੰਤਰੀਆਂ ਤੇ ਹੋਰ ਅਹੁਦੇਦਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਡੀਏ ਦੇ ਦਿੱਤਾ ਹੈ, ਪਰ ਸੈਂਟਰ ਦੇ ਆਰਮੀ ਮੁਲਾਜ਼ਮਾਂ ਅਤੇ ਵੈਟਰਨਜ਼ ਨੂੰ ਅਣਗੌਲਿਆ ਕਰ ਦਿੱਤਾ ਹੈ। ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਡੀਏ ਦੀ ਕਿਸ਼ਤ ਦੀਵਾਲੀ ਤੋਂ ਪਹਿਲਾਂ ਹੀ ਖ਼ਾਤਿਆਂ ਵਿੱਚ ਪਾ ਦਿੱਤੀ ਜਾਂਦੀ ਸੀ। ਉਨ੍ਹਾਂ ਜ਼ਿਕਰ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਮੇਂ 8 ਪ੍ਰਤੀਸ਼ਤ ਤੱਕ ਡੀਏ ਦੀਆਂ ਕਿਸ਼ਤਾਂ ਮਿਲਦੀਆਂ ਰਹੀਆਂ ਹਨ, ਜਦਕਿ ਮੋਦੀ ਸਰਕਾਰ ਮਹਿਜ਼ 2 ਤੋਂ 3 ਪ੍ਰਤੀਸ਼ਤ ਡੀਏ ਹੀ ਦੇ ਰਹੀ ਹੈ। ਯੂਨੀਅਨ ਆਗੂ ਨੇ ਕਿਹਾ ਕਿ ਅਜੋਕੇ ਸਮੇਂ ’ਚ ਮਹਿੰਗਾਈ ਨੇ ਆਮ ਲੋਕਾਂ ਅਤੇ ਮੁਲਾਜ਼ਮਾਂ ਦਾ ਲੱਕ ਤੋੜ ਦਿੱਤਾ ਹੈ। ਅਜਿਹੇ ਸਮੇਂ ਵਿੱਚ ਸਮੇਂ ਸਿਰ ਡੀਏ ਨਾ ਮਿਲਣਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਹਾਥੀ ਦੇ ਦੰਦ ਵਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਹਨ ਅਤੇ ਇਹ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਆਰਮੀ ਵੈਟਰਨ ਵੈੱਲਫੇਅਰ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਚੇਤਾਵਨੀ ਦਿੱਤੀ ਗਈ ਕਿ ਆਰਮੀ ਮੁਲਾਜ਼ਮਾਂ ਅਤੇ ਵੈਟਰਨਜ਼ ਦਾ ਇੱਕ ਵੱਡਾ ਵੋਟ ਬੈਂਕ ਹੈ। ਜੇਕਰ ਰੋਕੇ ਗਏ ਡੀਏ ਦੀਆਂ ਕਿਸ਼ਤਾਂ ਅਤੇ ਬਕਾਇਆ ਤੁਰੰਤ ਜਾਰੀ ਨਾ ਕੀਤਾ ਗਿਆ, ਤਾਂ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਇਸ ਦਾ ਭਾਰੀ ਖ਼ਮਿਆਜ਼ਾ ਭੁਗਤਣਾ ਪਵੇਗਾ।