ਮੇਲਾ ਟਿਕਟ ਅਤੇ ਮਿਆਦ ਘਟਾਉਣ ਸਬੰਧੀ ਡਿਪਟੀ ਕਮਿਸ਼ਨਰ ਨੂੰ ਕੀਤੀ ਮੰਗ ਮੇਲਾ ਟਿਕਟ ਅਤੇ ਮਿਆਦ ਘਟਾਉਣ ਸਬੰਧੀ ਡਿਪਟੀ ਕਮਿਸ਼ਨਰ ਨੂੰ ਅਪੀਲ : ਢੋਸੀਵਾਲ
Publish Date: Sun, 29 Nov 2026 03:35 PM (IST)
Updated Date: Sun, 29 Nov 2026 03:37 PM (IST)
ਪੰਜਾਬੀ ਜਾਗਰਣ, ਰਿਪੋਰਟਰ ਸ੍ਰੀ ਮੁਕਤਸਰ ਸਾਹਿਬ : ਚਾਲੀ ਮੁਕਤਿਆਂ ਦੀ ਯਾਦ ’ਚ ਸਥਾਨਕ ਸ਼ਹਿਰ ’ਚ ਹਰ ਸਾਲ ਮਾਘੀ ਦਾ ਮੇਲਾ ਮਨਾਇਆ ਜਾਂਦਾ ਹੈ। ਇਹ ਮੇਲਾ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਕ ਭਾਵ ਸੰਗਰਾਦ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਪ੍ਰਤੀ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ’ਚ ਭਾਰੀ ਸ਼ਰਧਾ ਭਾਵਨਾ ਪਾਈ ਜਾਂਦੀ ਹੈ। ਲੱਖਾਂ ਦੀ ਗਿਣਤੀ ’ਚ ਲੋਕ ਗੁਰਦੁਆਰਾ ਸ਼ਹੀਦ ਗੰਜ ਅਤੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਆਪਣਾ ਸੀਸ ਨਿਵਾਉਂਦੇ ਹਨ। ਪਵਿੱਤਰ ਸਰੋਵਰ ’ਚ ਆਸਥਾ ਦੀ ਡੁਬਕੀ ਲਗਾਉਂਦੇ ਹਨ। ਮੁੱਖ ਰੂਪ ’ਚ ਇਹ ਮੇਲਾ 13, 14 ਅਤੇ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਮੇਲਾ ਵਰਤਮਾਨ ਸਮੇਂ ’ਚ ਸ਼ਹਿਰ ਦੀ ਮਲੋਟ ਰੋਡ ’ਤੇ ਲਗਾਇਆ ਜਾਂਦਾ ਹੈ। ਇਸੇ ਰੋਡ ’ਤੇ ਹੀ ਮਨੋਰੰਜਨ ਮੇਲਾ ਵੀ ਆਯੋਜਿਤ ਕੀਤਾ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ/ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਜਗਾ ਸਸਤੇ ਭਾਅ ’ਤੇ ਲੈ ਕੇ ਕਾਫੀ ਮਹਿੰਗੇ ਰੇਟ ਉਪਰ ਮੇਲਾ ਠੇਕੇਦਾਰ ਨੂੰ ਠੇਕੇ ’ਤੇ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਸ ਮੇਲੇ ਨੂੰ ਰਾਜਸੀ ਪਾਰਟੀਆਂ ਅਤੇ ਸਰਕਾਰੀ ਸ਼ਹਿ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ। ਐਨਾ ਹੀ ਨਹੀਂ ਮਨੋਰੰਜਨ ਮੇਲੇ ਲਈ ਸਬੰਧਤ ਠੇਕੇਦਾਰ ਵੱਲੋਂ ਭਾਰੀ ਭਰਕਮ ਐਂਟਰੀ ਫੀਸ ਰੱਖੀ ਜਾਂਦੀ ਹੈ ਅਤੇ ਮੇਲਾ ਗਰਾਊਂਡ ’ਚ ਦਾਖਲ ਹੋਣ ਵਾਲੇ ਹਰ ਵਿਅਕਤੀ ਤੋਂ ਇਹ ਫੀਸ ਲਈ ਜਾਂਦੀ ਹੈ। ਆਮ ਵਿਅਕਤੀ ਆਪਣੇ ਸਮੁੱਚੇ ਪਰਿਵਾਰ ਨਾਲ ਇਸ ਮੇਲਾ ਗਰਾਊਂਡ ’ਚ ਦਾਖਲ ਹੋਣ ਤੋਂ ਕੰਨੀ ਕਤਰਾਉਂਦਾ ਹੈ ਅਤੇ ਆਪਣੇ ਮਨ ਦੇ ਚਾਅ ਨੂੰ ਮਾਰ ਲੈਂਦਾ ਹੈ। ਜ਼ਿਕਰਯੋਗ ਹੈ ਕਿ ਮਨੋਰੰਜਨ ਮੇਲਾ ਗਰਾਊਂਡ ਨੂੰ ਜ਼ਿਲ੍ਹਾ ਪ੍ਰਸ਼ਾਸਨ/ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਿਰਫ਼ ਤਿੰਨ ਦਿਨ ਲੱਗਣ ਵਾਲਾ ਮੇਲਾ ਤਿੰਨ ਮਹੀਨਿਆਂ ਦੇ ਕਰੀਬ ਠੇਕੇ ’ਤੇ ਦਿੱਤਾ ਜਾਂਦਾ ਹੈ। ਇਸਦੇ ਨਾਲ ਹੀ ਸਥਾਨਕ ਮਲੋਟ ਰੋਡ ’ਤੇ ਹੀ ਬਾਹਰੋਂ ਆਏ ਵਪਾਰੀ ਸਥਾਨਕ ਦੁਕਾਨਦਾਰਾਂ ਨਾਲ ਮਿਲੀਭੁਗਤ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਕਬਜਾ ਕਰਦੇ ਹਨ ਅਤੇ ਦੁਕਾਨਾਂ ਲਗਾਉਂਦੇ ਹਨ। ਇਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਟਰੈਫਿਕ ’ਚ ਵਿਘਨ ਪੈਂਦਾ ਹੈ। ਮਲੋਟ ਰੋਡ ’ਤੇ ਕਈ ਵੱਡੇ ਸਕੂਲ, ਹਸਪਤਾਲ ਅਤੇ ਹੋਰ ਧਾਰਮਿਕ ਸਥਾਨ ਸਥਿਤ ਹਨ। ਮੇਲੇ ਦੀ ਭਾਰੀ ਭਰਕਮ ਐਂਟਰੀ ਟਿਕਟ ਅਤੇ ਮੇਲੇ ਦੀ ਲੰਮੀ ਮਿਆਦ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵੀ ਹੈਰਾਨੀ ਜਨਕ ਹੈ ਕਿ ਸ਼ਹਿਰ ’ਚੋ ਨਜਾਇਜ਼ ਕਬਜ਼ੇ ਹਟਾਉਣ ਲਈ ਜਿੰਮੇਵਾਰ ਨਗਰ ਕੌਂਸਲ ਅਤੇ ਹੋਰ ਸਬੰਧਤ ਵਿਭਾਗ ਮੇਲੇ ਦੌਰਾਨ ਮਲੋਟ ਰੋਡ ’ਤੇ ਹੋਏ ਨਜਾਇਜ਼ ਕਬਜ਼ੇ ਬਾਰੇ ਸਾਜਿਸ਼ੀ ਚੁੱਪ ਧਾਰੀ ਰੱਖਦੇ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਵੱਲੋਂ ਮੇਲੇ ਦੀ ਲੰਮੀ ਮਿਆਦ ਅਤੇ ਭਾਰੀ ਐਂਟਰੀ ਫੀਸ ਦੀ ਪੁਰਜ਼ੋਰ ਸ਼ਬਦਾਂ ’ਚ ਨਿੰਦਾ ਕਰਦੇ ਹੋਏ ਇਸਨੂੰ ਲੋਕ ਵਿਰੋਧੀ ਕਰਾਰ ਦਿੱਤਾ ਹੈ। ਵਿਕਾਸ ਮਿਸ਼ਨ ਨੇ ਮੇਲਾ ਮਿਆਦ ਘਟਾ ਕੇ ਸਿਰਫ਼ ਇੱਕ ਮਹੀਨਾ ਕਰਨ ਅਤੇ ਐਂਟਰੀ ਫੀਸ ਨੂੰ ਅੱਧੀ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਹੈ। ਮਿਸ਼ਨ ਵੱਲੋਂ ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੀ ਸਰਕਾਰੀ ਈ-ਮੇਲ ਅਤੇ ਵਟਸਐਪ ਨੰਬਰ ’ਤੇ ਉਕਤ ਮੰਗ ਪੱਤਰ ਭੇਜਿਆ ਗਿਆ ਹੈ। ਮੰਗ ਪੱਤਰ ਅਨੁਸਾਰ ਉਕਤ ਦੋਹਾਂ ਮੰਗਾਂ ਨੂੰ ਮੰਨਣ ਅਤੇ ਭਵਿੱਖ ਵਿੱਚ ਇਹ ਮੇਲਾ ਕਿਸੇ ਸਰਕਾਰੀ ਜਗਾ ’ਤੇ ਲਗਾਉਣ ਦੀ ਅਪੀਲ ਵੀ ਕੀਤੀ ਹੈ। ਮੰਗ ਪੱਤਰ ਦੀ ਕਾਪੀ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਭੇਜ ਕੇ ਇਸ ਮਾਮਲੇ ਨੂੰ ਲੋਕ ਹਿੱਤ ਵਿੱਚ ਹੱਲ ਕਰਵਾਉਣ ਦੀ ਅਪੀਲ ਵੀ ਕੀਤੀ ਗਈ ਹੈ।