ਰੇਲਵੇ ਵੱਲੋਂ ਕੰਧ ਬਣਾਉਣ ’ਤੇ ਵਪਾਰੀਆਂ ’ਚ ਚਿੰਤਾ ਜਲਾਲਾਬਾਦ ਰੋਡ ਰੇਲਵੇ ਲੈਵਲ ਕਰਾਸਿੰਗ ਲਈ ਡੀਸੀ ਨੂੰ ਤੁਰੰਤ ਦਖ਼ਲ ਦੀ ਅਪੀਲ
Publish Date: Tue, 08 Sep 2026 05:58 PM (IST)
Updated Date: Tue, 08 Sep 2026 06:01 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜਲਾਲਾਬਾਦ ਰੋਡ ਸਥਿਤ ਪੁਰਾਣੇ ਰੇਲਵੇ ਲੈਵਲ ਕਰਾਸਿੰਗ/ਫਾਟਕ ਬੀ-30 ਨੂੰ ਲੈ ਕੇ ਇਲਾਕੇ ਦੇ ਵਪਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਵੱਲੋਂ ਲਗਾਤਾਰ ਰਸਤਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਵਪਾਰੀਆਂ ਨੇ ਕਿਹਾ ਕਿ ਇਸ ਰਸਤੇ ਦੇ ਬੰਦ ਹੋਣ ਕਾਰਨ ਜਲਾਲਾਬਾਦ ਰੋਡ ਅਤੇ ਰੇਲਵੇ ਲਾਈਨ ਦੇ ਦੋਵੇਂ ਪਾਸਿਆਂ ਵਸਦੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਲੋਕਾਂ ਦੀ ਆਵਾਜਾਈ, ਵਪਾਰ ਅਤੇ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਹੁਣ ਰੇਲਵੇ ਵੱਲੋਂ ਇਸ ਰਸਤੇ ਵਾਲੇ ਪਾਸੇ ਕੰਧ ਬਣਾਈ ਜਾ ਰਹੀ ਹੈ,ਜਿਸ ਕਾਰਨ ਵਪਾਰੀਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਹੋਰ ਵੀ ਚਿੰਤਾ ਪੈਦਾ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੰਧ ਬਣਨ ਤੋਂ ਪਹਿਲਾਂ ਕੋਈ ਵਿਕਲਪਿਕ ਰਸਤਾ ਜਾਂ ਲੈਵਲ ਕਰਾਸਿੰਗ/ਪੈਦਲ ਅਤੇ ਵਾਹਨਾਂ ਲਈ ਯੋਗ ਰਸਤਾ ਤੈਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਵਪਾਰੀਆਂ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਕੇ ਦਾ ਜਾਇਜ਼ਾ ਲੈਣ। ਵਪਾਰੀਆਂ ਨੇ ਮੰਗ ਕੀਤੀ ਕਿ ਜਲਾਲਾਬਾਦ ਰੋਡ ਬੀ-30 ਲੈਵਲ ਕਰਾਸਿੰਗ/ਪੁਰਾਣੇ ਰਸਤੇ ਦਾ ਮੌਕਾ ਦੇਖਿਆ ਜਾਵੇ। ਰੇਲਵੇ ਵੱਲੋਂ ਬਣਾਈ ਜਾ ਰਹੀ ਕੰਧ ਸਬੰਧੀ ਸਥਿਤੀ ਸਪੱਸ਼ਟ ਕੀਤੀ ਜਾਵੇ। ਲੋਕਾਂ ਦੀ ਆਵਾਜਾਈ ਲਈ ਸੁਰੱਖਿਅਤ ਅਤੇ ਪੱਕਾ ਵਿਕਲਪਿਕ ਰਸਤਾ ਮੁਹੱਈਆ ਕਰਵਾਇਆ ਜਾਵੇ। ਵਪਾਰੀਆਂ ਅਤੇ ਇਲਾਕਾ ਨਿਵਾਸੀਆਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਮੌਕੇ ’ਤੇ ਸਾਂਝਾ ਨਿਰੀਖਣ ਕੀਤਾ ਜਾਵੇ ਅਤੇ ਜਦੋਂ ਤੱਕ ਲੋਕਾਂ ਲਈ ਯੋਗ ਵਿਕਲਪਿਕ ਰਸਤੇ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਮੌਜੂਦਾ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰਨ ਵਾਲੇ ਕਦਮਾਂ ’ਤੇ ਤੁਰੰਤ ਵਿਚਾਰ ਕੀਤਾ ਜਾਵੇ। ਵਪਾਰੀਆਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਨਾਲ ਟਕਰਾਅ ਨਹੀਂ, ਸਗੋਂ ਗੱਲਬਾਤ ਅਤੇ ਸਹਿਮਤੀ ਨਾਲ ਲੋਕਾਂ ਦੀ ਸਮੱਸਿਆ ਦਾ ਸਥਾਈ ਹੱਲ ਚਾਹੁੰਦੇ ਹਨ। ਰੇਲਵੇ ਦੀ ਸੁਰੱਖਿਆ ਵੀ ਜ਼ਰੂਰੀ ਹੈ ਅਤੇ ਆਮ ਲੋਕਾਂ ਦੀ ਆਵਾਜਾਈ ਵੀ। ਇਸ ਲਈ ਅਜਿਹਾ ਹੱਲ ਕੱਢਿਆ ਜਾਵੇ ਜਿਸ ਨਾਲ ਦੋਵੇਂ ਪੱਖਾਂ ਦੇ ਹਿੱਤ ਸੁਰੱਖਿਅਤ ਰਹਿਣ। ਵਪਾਰੀਆਂ ਨੇ ਡੀਸੀ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰੇਲਵੇ ਦੀ ਕੰਧ ਦਾ ਕੰਮ ਅੱਗੇ ਵਧਣ ਤੋਂ ਪਹਿਲਾਂ ਮੌਕੇ ਦਾ ਦੌਰਾ ਕਰਕੇ ਜਲਾਲਾਬਾਦ ਰੋਡ ਦੇ ਲੋਕਾਂ ਨੂੰ ਰਸਤੇ ਸਬੰਧੀ ਸਪੱਸ਼ਟ ਅਤੇ ਠੋਸ ਹੱਲ ਦਿੱਤਾ ਜਾਵੇ।