- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰੋਲ ਸੇਵਾ ਸੰਸਥਾ ਵੱਲੋਂ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨ ਦੇਣ ਲਈ ਕਰਵਾਇਆ ਸਮਾਗਮ

ਭੰਵਰਾ\ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਨਿਰੋਲ ਸੇਵਾ ਸੰਸਥਾ ਵੱਲੋਂ 125 ਸਕੂਲਾਂ ਦੇ ਵਿਦਿਆਰਥੀਆਂ ’ਚ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲੇ ਕਰਵਾਏ ਗਏ। ਪਹਿਲੇ ਪੜਾਅ ’ਚ 13 ਜ਼ੋਨਾਂ ਦੇ ਮੁਕਾਬਲੇ ਕਰਵਾਏ ਗਏ। ਸਾਰੇ ਜ਼ੋਨਾਂ ’ਚੋਂ 13 ਵਿਦਿਆਰਥੀ ਫਸਟ, 13 ਸੈਕਿੰਡ ਤੇ 13 ਥਰਡ ਚੁਣੇ ਗਏ। ਇਸਤੋਂ ਬਾਅਦ 39 ਵਿਦਿਆਰਥੀਆਂ ’ਚ ਮੁਕਾਬਲਾ ਕਰਵਾਇਆ ਗਿਆ, ਜਿਸ ’ਚੋਂ ਪਹਿਲਾ ਸਥਾਨ ਅਵਨੀਤ ਕੌਰ ਪੁੱਤਰੀ ਸੁਖਜਿੰਦਰ ਸਿੰਘ ਐਲਡੀ ਆਰ ਕਾਨਵੈਂਟ ਸਕੂਲ ਜਮਾਤ 11ਵੀਂ ਸ੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕਰਕੇ ਸਵਾ ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸ ਤਰ੍ਹਾਂ ਕੋਮਲਦੀਪ ਕੌਰ ਪੁੱਤਰੀ ਮੋਹਕਮ ਸਿੰਘ ਵਿਦਿਆਰਥਣ ਜਮਾਤ ਬਾਰਵੀਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਇੱਕ ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ ਤੇ ਸਤਵੀਰ ਕੌਰ ਪੁੱਤਰੀ ਅੰਮ੍ਰਿਤ ਪਾਲ ਸਿੰਘ ਜਮਾਤ ਪੰਜਵੀਂ ਵਿਦਿਆਰਥਣ ਆਰੀਅਨ ਪਬਲਿਕ ਸਕੂਲ ਭਲਾਈਆਣਾ ਨੇ ਤੀਜਾ ਸਥਾਨ ਪ੍ਰਾਪਤ ਕਰਕੇ 75 ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ। ਇਸ ਤਰ੍ਹਾਂ ਹੀ ਜੋ 13 ਬੱਚੇ ਫਸਟ ਕੱਢੇ ਗਏ ਸਨ ਉਨਾਂ ਸਾਰਿਆਂ ਨੂੰ ਸਵਾ ਲੱਖ ਰੁਪਏ, 13 ਸੈਕਿੰਡ ਵਿਦਿਆਰਥੀਆਂ ਨੂੰ ਇਕ ਲੱਖ ਰੁਪਏ ਅਤੇ 13 ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 75 ਹਜ਼ਾਰ ਰੁਪਏ ਸਾਂਝੇ ਤੌਰ ’ਤੇ ਵੰਡੇ ਗਏ। ਇਨਾਮ ਵੰਡ ਤੇ ਸਨਮਾਨ ਸਮਾਗਮ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਕਰਵਾਇਆ ਗਿਆ। ਇਸ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਆਪਾਂ ਸਭ ਨੇ ਨਸ਼ਿਆਂ ਵਿਰੁੱਧ ਲੜਨਾ ਹੈ। ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਵੀ ਗੁਰਮਿਤ ਵਿਚਾਰਾਂ ਦੀ ਸਾਂਝ ਪਾਈ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਵੀ ਸੰਸਥਾ ਉਪਰਾਲੇ ਦੀ ਸ਼ਲਾਘਾ ਕਰਦਿਆਂ ਨਵੀਂ ਪਨੀਰੀ ਨੂੰ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ ਕਾਲਾ ਸੋਢੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣਾ ਤੇ ਗੁਰਬਾਣੀ ਨਾਲ ਜੋੜਨਾ ਹੈ। ਬਾਬਾ ਦਰਸ਼ਨ ਸਿੰਘ ਬੋਰੀ ਵਾਲੇ ਵੱਲੋਂ ਬੱਚਿਆਂ ਲਈ ਦਸਤਾਰਾਂ ਦੇ ਪਕਵਾਨਾਂ ਦਾ ਲੰਗਰ ਲਾਇਆ ਗਿਆ। ਇਸਤੋਂ ਇਲਾਵਾ ਬਾਬਾ ਬਲਦੇਵ ਸਿੰਘ ਤੇ ਬਾਬਾ ਮਨਪ੍ਰੀਤ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਵੀ ਲੰਗਰ ਦੀ ਸੇਵਾ ਨਿਭਾਈ ਗਈ। ਇਸ ਮੌਕੇ ਬਾਬਾ ਮਨਜੀਤ ਸਿੰਘ ਗੁਰਦੁਆਰਾ ਖੂਹ ਸਾਹਿਬ, ਪ੍ਰਿੰਸੀਪਲ ਮਨਜੀਤ ਕੌਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਬਾਬਾ ਬਚਨ ਸਿੰਘ ਦਮਦਮੀ ਟਕਸਾਲ, ਗੁਰਮੀਤ ਸਿੰਘ ਸੀਨੀਅਰ ਪੁਲਿਸ ਅਧਿਕਾਰੀ, ਮਹੰਤ ਕਸ਼ਮੀਰ ਸਿੰਘ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰਿੰਸੀਪਲ ਮਨੀਸ਼ ਚੋਪੜਾ, ਰਾਗੀ ਗਗਨਦੀਪ ਸਿੰਘ, ਰਾਗੀ ਜਤਿੰਦਰ ਸਿੰਘ, ਬਲਦੇਵ ਸਿੰਘ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸੁਮੇਰ ਸਿੰਘ ਸਾਬਕਾ ਮੈਨੇਜਰ ਸ੍ਰੀ ਦਰਬਾਰ, ਸੁਖਦੇਵ ਸਿੰਘ ਮੀਤ ਮੈਨੇਜਰ ਸ੍ਰੀ ਦਰਬਾਰ ਸਾਹਿਬ ਸੰਤੋਸ਼ ਕੌਰ ਸੋਢੀ ਸਾਬਕਾ ਸਰਪੰਚ ਧੂਲਕੋਟ ਆਦਿ ਹਾਜ਼ਰ ਸਨ।