ਐੱਫਆਈਆਰ ਦੇ ਵਿਰੋਧ ’ਚ ਮੁਕਤਸਰ ਦੇ ਸਾਰੇ ਨਿੱਜੀ ਹਸਪਤਾਲ ਬੰਦ ਐੱਫਆਈਆਰ ਦੇ ਵਿਰੋਧ ’ਚ ਮੁਕਤਸਰ ਦੇ ਸਾਰੇ ਨਿੱਜੀ ਹਸਪਤਾਲ ਬੰਦ
Publish Date: Tue, 15 Sep 2026 06:17 PM (IST)
Updated Date: Tue, 15 Sep 2026 06:20 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ’ਚ ਗਰਭਵਤੀ ਔਰਤ ਦੀ ਮੌਤ ਦੇ ਮਾਮਲੇ ’ਚ ਡਾਕਟਰ ਅਤੇ ਹਸਪਤਾਲ ਸਟਾਫ਼ ਖ਼ਿਲਾਫ਼ ਐੱਫਆਈਆਰ ਦਰਜ ਕੀਤੇ ਜਾਣ ਦੇ ਵਿਰੋਧ ’ਚ ਮੰਗਲਵਾਰ ਨੂੰ ਮੁਕਤਸਰ ਦੇ ਸਾਰੇ ਨਿੱਜੀ ਹਸਪਤਾਲਾਂ ’ਚ ਸਿਹਤ ਸੇਵਾਵਾਂ ਠੱਪ ਰਹੀਆਂ। ਹਸਪਤਾਲਾਂ ਦੇ ਬਾਹਰ ‘ਬੰਦ’ ਦੇ ਬੋਰਡ ਲਗਾ ਕੇ ਓਪੀਡੀ, ਐਮਰਜੈਂਸੀ ਅਤੇ ਹੋਰ ਨਿਯਮਤ ਸੇਵਾਵਾਂ ਬੰਦ ਰੱਖੀਆਂ ਗਈਆਂ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਦੀਪ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਡਾਕਟਰਾਂ ਨੇ ਕਾਰਵਾਈ ਦਾ ਵਿਰੋਧ ਜਤਾਇਆ। ਦੂਜੇ ਪਾਸੇ, ਨਿੱਜੀ ਹਸਪਤਾਲ ਬੰਦ ਹੋਣ ਕਾਰਨ ਇਲਾਜ ਲਈ ਪਹੁੰਚੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕਾਂ ਨੂੰ ਬਿਨਾਂ ਇਲਾਜ ਤੋਂ ਹੀ ਵਾਪਸ ਪਰਤਣਾ ਪਿਆ। ਡੀਸੀ ਨਾਲ ਮੁਲਾਕਾਤ ਤੋਂ ਬਾਅਦ ਆਈਐੱਮਏ ਨੇ ਰੱਖਿਆ ਪੱਖ ਡਾ. ਸੰਦੀਪ ਸਿੰਘ ਸੰਧੂ ਨੇ ਆਈਐੱਮਏ ਮੈਂਬਰਾਂ ਨਾਲ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਡੀਸੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਸਬੰਧਤ ਡਾਕਟਰ ਖ਼ਿਲਾਫ਼ ਦਰਜ ਐੱਫਆਈਆਰ ਨਿਰਧਾਰਤ ਪ੍ਰੋਟੋਕੋਲ ਦੇ ਉਲਟ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਵੀ ਡਾਕਟਰੀ ਲਾਪਰਵਾਹੀ ਦੇ ਮਾਮਲੇ ’ਚ ਪਹਿਲਾਂ ਸਿਵਲ ਸਰਜਨ ਵੱਲੋਂ ਮੈਡੀਕਲ ਬੋਰਡ ਗਠਿਤ ਹੋਣਾ ਚਾਹੀਦਾ ਹੈ। ਜੇਕਰ ਬੋਰਡ ਦੀ ਜਾਂਚ ’ਚ ਲਾਪਰਵਾਹੀ ਸਾਬਤ ਹੁੰਦੀ ਹੈ, ਤਾਂ ਹੀ ਅਪਰਾਧਿਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਲ 2005 ’ਚ ਸੁਪਰੀਮ ਕੋਰਟ ਦੇ ਜੈਕਬ ਮੈਥਿਊ ਬਨਾਮ ਪੰਜਾਬ ਰਾਜ ਮਾਮਲੇ ’ਚ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਮੈਡੀਕਲ ਬੋਰਡ ਦੀ ਜਾਂਚ ਤੋਂ ਬਿਨਾਂ ਡਾਕਟਰ ਖ਼ਿਲਾਫ਼ ਮੈਡੀਕਲ ਨੇਗਲਿਜੈਂਸ (ਲਾਪਰਵਾਹੀ) ਦਾ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਜਾਣਾ ਚਾਹੀਦਾ। ਆਈਐੱਮਏ ਦਾ ਦੋਸ਼ ਹੈ ਕਿ ਪੁਲਿਸ ਨੇ ਬੋਰਡ ਦੀ ਰਿਪੋਰਟ ਤੋਂ ਬਿਨਾਂ ਹੀ ਐੱਫਆਈਆਰ ਦਰਜ ਕਰ ਦਿੱਤੀ। ਸੰਗਠਨ ਨੇ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ ਉਹ ਜਲਦ ਹੀ ਐੱਸਐੱਸਪੀ ਨਾਲ ਵੀ ਮੁਲਾਕਾਤ ਕਰੇਗਾ। ਹਾਈ-ਰਿਸਕ ਮਰੀਜ਼ਾਂ ਦੇ ਇਲਾਜ ’ਤੇ ਪੈ ਸਕਦਾ ਹੈ ਅਸਰ ਆਈਐੱਮਏ ਪ੍ਰਧਾਨ ਨੇ ਕਿਹਾ ਕਿ ਬਿਨਾਂ ਜਾਂਚ ਦੇ ਡਾਕਟਰਾਂ ’ਤੇ ਅਪਰਾਧਿਕ ਮਾਮਲੇ ਦਰਜ ਹੋਣ ਨਾਲ ਚਿਕਿਤਸਕਾਂ ’ਚ ਅਸੁਰੱਖਿਆ ਦੀ ਭਾਵਨਾ ਵਧੇਗੀ। ਇਸ ਨਾਲ ਭਵਿੱਖ ’ਚ ਡਾਕਟਰ ਹਾਈ-ਰਿਸਕ ਮਾਮਲਿਆਂ ਦਾ ਇਲਾਜ ਕਰਨ ਤੋਂ ਝਿਜਕ ਸਕਦੇ ਹਨ, ਜਿਸ ਦਾ ਸਿੱਧਾ ਅਸਰ ਗੰਭੀਰ ਮਰੀਜ਼ਾਂ ਦੇ ਇਲਾਜ ’ਤੇ ਪਵੇਗਾ। ਦੂਜੇ ਪਾਸੇ ਨਿੱਜੀ ਹਸਪਤਾਲਾਂ ’ਚ ਓਪੀਡੀ ਬੰਦ ਰਹਿਣ ਨਾਲ ਰੋਜ਼ਾਨਾ ਇਲਾਜ ਲਈ ਪਹੁੰਚਣ ਵਾਲੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਕਈ ਮਰੀਜ਼ ਘੰਟਿਆਂ ਬੱਧੀ ਇੰਤਜ਼ਾਰ ਕਰਨ ਤੋਂ ਬਾਅਦ ਬਿਨਾਂ ਇਲਾਜ ਦੇ ਹੀ ਵਾਪਸ ਮੁੜ ਗਏ। ਕੁਝ ਮਰੀਜ਼ਾਂ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਉਹ ਦੂਰ-ਦੁਰਾਡੇ ਦੇ ਪਿੰਡਾਂ ਤੋਂ ਕਿਰਾਇਆ ਖ਼ਰਚ ਕੇ ਹਸਪਤਾਲ ਪਹੁੰਚੇ ਸਨ, ਪਰ ਹਸਪਤਾਲ ਬੰਦ ਮਿਲਣ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ। ਮਰੀਜ਼ਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਅਗਲੇ ਦਿਨ ਫਿਰ ਤੋਂ ਕੰਮ ਛੱਡ ਕੇ ਅਤੇ ਵਾਧੂ ਖ਼ਰਚਾ ਚੁੱਕ ਕੇ ਹਸਪਤਾਲ ਆਉਣਾ ਪਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਵੀ ਵਰਗ ਦੀ ਹੜਤਾਲ ਦਾ ਸਭ ਤੋਂ ਵੱਧ ਖ਼ਾਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਡਾਕਟਰਾਂ ਅਤੇ ਪ੍ਰਸ਼ਾਸਨ ਵਿਚਾਲੇ ਗਤੀਰੋਧ ਬਣਿਆ ਹੋਇਆ ਹੈ, ਜਦਕਿ ਮਰੀਜ਼ ਸਿਹਤ ਸੇਵਾਵਾਂ ਸੁਚਾਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ।