1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਖਵਾਈ ਜਾਵੇਗੀ ਅਲਬੈਂਡਾਜੋਲ ਦੀ ਖੁਰਾਕ : ਡਾ. ਲਖਬੀਰ ਕੌਰ ਸਿੱਧੂ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਖਵਾਈ ਜਾਵੇਗੀ ਅਲਬੈਂਡਾਜੋਲ ਦੀ ਗੋਲੀ : ਸਿਵਲ ਸਰਜਨ ਡਾ. ਲਖਬੀਰ ਕੌਰ ਸਿੱਧੂ
Publish Date: Sun, 09 Aug 2026 04:12 PM (IST)
Updated Date: Sun, 09 Aug 2026 04:14 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨੈਸ਼ਨਲ ਡੀਵਰਮਿੰਗ ਡੇ ਯਾਨੀ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਿਤੀ 10 ਅਗਸਤ 2026 ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਲਖਬੀਰ ਕੌਰ ਸਿੱਧੂ ਨੇ ਦੱਸਿਆ ਕਿ ਇਸ ਮੁਹਿੰਮ ਨੂੰ 100 ਫੀਸਦੀ ਸਫਲ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਸਿੱਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਪਸੀ ਸਹਿਯੋਗ ਅਤੇ ਅੰਤਰ-ਵਿਭਾਗੀ ਤਾਲਮੇਲ ਨਾਲ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ, ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ 1 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿੱਚ ਦਵਾਈ ਦਿੱਤੀ ਜਾਵੇਗੀ, ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਦੀ ਦੇਖ-ਰੇਖ ਹੇਠ 6 ਤੋਂ 19 ਸਾਲ ਤੱਕ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਕਵਰ ਕੀਤਾ ਜਾਵੇਗਾ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਟੀਮਾਂ, ਏਐੱਨਐੱਮਜ਼ ਅਤੇ ਆਸ਼ਾ ਵਰਕਰਾਂ ਇਸ ਪੂਰੀ ਮੁਹਿੰਮ ਦੌਰਾਨ ਸੁਪਰਵੀਜ਼ਨ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨਗੀਆਂ ਤਾਂ ਜੋ ਕੋਈ ਵੀ ਬੱਚਾ ਦਵਾਈ ਤੋਂ ਵਾਂਝਾ ਨਾ ਰਹੇ। 2 ਸਾਲ ਤੱਕ ਦੇ ਬੱਚਿਆਂ ਨੂੰ ਅੱਧੀ ਤੇ ਵੱਧ ਉਮਰ ਦੇ ਬੱਚਿਆਂ ਨੂੰ ਪੂਰੀ ਗੋਲੀ ਡਾ. ਲਖਬੀਰ ਕੌਰ ਸਿੱਧੂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 1 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਅਲਬੈਂਡਾਜੋਲ ਖਵਾਈ ਜਾਣੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਅੱਧੀ ਗੋਲੀ ਪਾਣੀ ਵਿੱਚ ਘੋਲ ਕੇ ਦਿੱਤੀ ਜਾਵੇਗੀ। 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ 1 ਪੂਰੀ ਗੋਲੀ 400 ਮਿਲੀਗਰਾਮ ਚਬਾ ਕੇ ਖਾਣ ਲਈ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੇ ਬੱਚੇ ਕਿਸੇ ਬਿਮਾਰੀ, ਛੁੱਟੀ ਜਾਂ ਗੈਰ-ਹਾਜ਼ਰੀ ਕਰਕੇ 10 ਅਗਸਤ ਨੂੰ ਸਕੂਲ ਜਾਂ ਆਂਗਣਵਾੜੀ ਕੇਂਦਰ ਵਿੱਚ ਦਵਾਈ ਖਾਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਜਿਹੇ ਸਾਰੇ ਬੱਚਿਆਂ ਨੂੰ 17 ਅਗਸਤ 2026 ਨੂੰ ਚਲਾਏ ਜਾਣ ਵਾਲੇ ਮੋਪ-ਅੱਪ ਰਾਊਂਡ ਤਹਿਤ ਇਹ ਦਵਾਈ ਹਰ ਹਾਲ ਵਿੱਚ ਖਵਾਈ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਪੇਟ ਵਿੱਚ ਕੀੜੇ ਹੋਣ ਨਾਲ ਬੱਚਿਆਂ ਵਿੱਚ ਖੂਨ ਦੀ ਕਮੀ (ਅਨੀਮੀਆ), ਕੁਪੋਸ਼ਣ ਅਤੇ ਸਰੀਰਕ ਤੇ ਮਾਨਸਿਕ ਵਿਕਾਸ ’ਚ ਰੁਕਾਵਟ ਆਉਂਦੀ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ, ਮਾਪਿਆਂ, ਸਮੂਹ ਸਕੂਲ ਸਟਾਫ਼ ਅਤੇ ਆਂਗਣਵਾੜੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਤਿੰਨਾਂ ਵਿਭਾਗਾਂ ਦੀ ਇਸ ਸਾਂਝੀ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਬੱਚਿਆਂ ਦੇ ਤੰਦਰੁਸਤ ਭਵਿੱਖ ਦਾ ਹਿੱਸਾ ਬਣਨ।