ਮੁਨਸ਼ੀ ਤੋਂ ਬਾਅਦ ਘੁਬਾਇਆ ਚੌਕੀ ਦੇ ਇੰਚਾਰਜ ਨੂੰ ਵੀ ਮੁਕਤਸਰ ਪੁਲਿਸ ਨੇ ਐੱਨਡੀਪੀਐੱਸ ਐਕਟ ਕੇਸ ’ਚ ਕੀਤਾ ਨਾਮਜ਼ਦ ਮੁਨਸ਼ੀ ਤੋਂ ਬਾਅਦ ਘੁਬਾਇਆ ਚੌਕੀ ਦੇ ਇੰਚਾਰਜ ਨੂੰ ਵੀ ਮੁਕਤਸਰ ਪੁਲਿਸ ਨੇ ਐਨਡੀਪੀਐਸ ਐਕਟ ਕੇਸ ’ਚ ਕੀਤਾ ਨਾਮਜ਼ਦ
Publish Date: Thu, 09 Jul 2026 06:10 PM (IST)
Updated Date: Thu, 09 Jul 2026 06:12 PM (IST)
- ਮਾਮਲੇ ’ਚ ਚੌਕੀ ਇੰਚਾਰਜ ਦੀ ਸ਼ੱਕੀ ਭੂਮਿਕਾ ਸਾਹਮਣੇ ਆਉਣ ’ਤੇ ਪੁਲਿਸ ਨੇ ਕੀਤੀ ਕਾਰਵਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਥਾਣਾ ਸਦਰ ਪੁਲਿਸ ਵੱਲੋਂ ਬੀਤੇ ਐਤਵਾਰ ਨੂੰ ਫ਼ਾਜ਼ਿਲਕਾ ਦੀ ਘੁਬਾਇਆ ਚੌਕੀ ਦੇ ਮੁਨਸ਼ੀ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਸਮੇਤ ਤਿੰਨ ਲੋਕਾਂ ਨੂੰ 280 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ’ਚ ਪੁਲਿਸ ਨੇ ਹੁਣ ਘੁਬਾਇਆ ਚੌਕੀ ਦੇ ਇੰਚਾਰਜ ਗੁਰਨਾਮ ਸਿੰਘ ਨੂੰ ਵੀ ਸ਼ਾਮਲ ਕਰਦੇ ਹੋਏ ਨਾਮਜ਼ਦ ਕੀਤਾ ਹੈ। ਦੂਜੇ ਪਾਸੇ ਫ਼ਾਜ਼ਿਲਕਾ ਪੁਲਿਸ ਨੇ ਚੌਕੀ ਇੰਚਾਰਜ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਮੁਨਸ਼ੀ ਸਮੇਤ ਦੋਵਾਂ ਖ਼ਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮੁਕਤਸਰ ਦੇ ਡੀਐੱਸਪੀ ਬਚਨ ਸਿੰਘ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਪੁਲਿਸ ਟੀਮ ਗਸ਼ਤ ’ਤੇ ਸੀ। ਟੀਮ ਜਦੋਂ ਜਲਾਲਾਬਾਦ ਰੋਡ ਤੋਂ ਹੁੰਦੇ ਹੋਏ ਫੱਤਣਵਾਲਾ ਵੱਲ ਜਾ ਰਹੀ ਸੀ ਤਾਂ ਪਿੰਡ ਬਧਾਈ ਨੇੜੇ ਸੜਕ ਕਿਨਾਰੇ ਇੱਕ ਚਿੱਟੇ ਰੰਗ ਦੀ ਆਈ-20 ਕਾਰ, ਜਿਸ ਦਾ ਨੰਬਰ ਪੀਬੀ 22 ਐਨ 0969 ਸੀ, ਖੜ੍ਹੀ ਦਿਖਾਈ ਦਿੱਤੀ। ਕਾਰ ’ਚ ਤਿੰਨ ਨੌਜਵਾਨ ਬੈਠੇ ਸਨ। ਰਾਤ ਦੇ ਸਮੇਂ ਉੱਥੇ ਖੜ੍ਹੇ ਹੋਣ ਦਾ ਕਾਰਨ ਪੁੱਛਣ ’ਤੇ ਤਿੰਨੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਸ਼ੱਕ ਦੇ ਆਧਾਰ ’ਤੇ ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਅਤੇ ਤਲਾਸ਼ੀ ਲਈ ਤਾਂ ਫੜੇ ਗਏ ਲੋਕਾਂ ਵਿੱਚੋਂ ਇੱਕ ਦਾ ਨਾਂ ਜੋਗਿੰਦਰ ਸਿੰਘ ਹੈ, ਜੋ ਪਿੰਡ ਚੱਕ ਪਾਲੀਵਾਲਾ ਦਾ ਰਹਿਣ ਵਾਲਾ ਹੈ ਅਤੇ ਪੁਲਿਸ ’ਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਤਾਇਨਾਤ ਸੀ। ਉਸ ਦੀ ਤਾਇਨਾਤੀ ਪੁਲਿਸ ਚੌਕੀ ਘੁਬਾਇਆ ’ਚ ਦੱਸੀ ਗਈ ਸੀ। ਬਾਕੀ ਦੋ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼ ਨਿਵਾਸੀ ਪਿੰਡ ਮਲੋਟ ਅਤੇ ਦਿਲਸ਼ੇਰ ਸਿੰਘ ਉਰਫ਼ ਲਾਡੀ ਵਾਸੀ ਗੋਨਿਆਣਾ ਰੋਡ ਗਲੀ ਨੰਬਰ ਦੋ ਮੁਕਤਸਰ ਵਜੋਂ ਹੋਈ ਸੀ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਹਿਰਾਸਤ ਵਿੱਚ ਪੁੱਛਗਿੱਛ ਕੀਤੀ ਤਾਂ ਘੁਬਾਇਆ ਚੌਕੀ ਦੇ ਇੰਚਾਰਜ ਗੁਰਨਾਮ ਸਿੰਘ ਦੀ ਵੀ ਸ਼ੱਕੀ ਭੂਮਿਕਾ ਸਾਹਮਣੇ ਆਈ, ਜਿਸ ਤੋਂ ਬਾਅਦ ਉਸ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਗੁਰਨਾਮ ਸਿੰਘ ਅਜੇ ਫ਼ਰਾਰ ਚੱਲ ਰਿਆ ਹੈ, ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਓਧਰ ਫ਼ਾਜ਼ਿਲਕਾ ਪੁਲਿਸ ਤੋਂ ਪਤਾ ਲੱਗਾ ਹੈ ਕਿ ਗੁਰਨਾਮ ਸਿੰਘ ਤਿੰਨ ਦਿਨਾਂ ਤੋਂ ਚੌਕੀ ’ਚ ਨਹੀਂ ਆ ਰਿਹਾ ਸੀ, ਜਿਸ ਤੋਂ ਬਾਅਦ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਘੁਬਾਇਆ ਚੌਕੀ ’ਚ ਨਵਾਂ ਇੰਚਾਰਜ ਅਭਿਸ਼ੇਕ ਸ਼ਰਮਾ ਨੂੰ ਲਗਾ ਦਿੱਤਾ ਗਿਆ ਹੈ।