ਸ੍ਰੀ ਮੁਕਤਸਰ ਸਾਹਿਬ ’ਚ ਗ਼ੈਰਕਾਨੂੰਨੀ 33 ਕਾਲੋਨੀਆਂ ਤੇ ਮਾਰਕੀਟਾਂ ਦੀ ਸੂਚੀ ਜਨਤਕ ਸ੍ਰੀ ਮੁਕਤਸਰ ਸਾਹਿਬ ’ਚ ਗ਼ੈਰ-ਕਾਨੂੰਨੀ ਕਾਲੋਨੀਆਂ 'ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ
Publish Date: Sat, 29 Aug 2026 05:55 PM (IST)
Updated Date: Sat, 29 Aug 2026 05:58 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ ਗ਼ੈਰ-ਕਾਨੂੰਨੀ ਕਾਲੋਨੀਆਂ ’ਤੇ ਸ਼ਿਕੰਜਾ ਕਸਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਨਗਰ ਕੌਂਸਲ ਨੇ ਸ਼ੁੱਕਰਵਾਰ ਨੂੰ ਸ਼ਹਿਰ ’ਚ ਗ਼ੈਰ-ਕਾਨੂੰਨੀ ਤੌਰ ਤੇ ਉਸਾਰੀਆਂ ਗਈਆਂ 33 ਕਾਲੋਨੀਆਂ ਅਤੇ ਮਾਰਕੀਟਾਂ ਦੀ ਸੂਚੀ ਜਨਤਕ ਕਰ ਦਿੱਤੀ ਹੈ। ਇਨ੍ਹਾਂ ਕਾਲੋਨੀਆਂ ਦੇ ਨਾਂ ਅਤੇ ਸਥਾਨਾਂ ਦੀ ਜਾਣਕਾਰੀ ਦੇ ਵੱਡੇ-ਵੱਡੇ ਹੋਰਡਿੰਗਜ਼ ਬੱਸ ਸਟੈਂਡ, ਡੀਸੀ ਦਫ਼ਤਰ ਅਤੇ ਹੋਰ ਪ੍ਰਮੁੱਖ ਜਨਤਕ ਥਾਵਾਂ ’ਤੇ ਲਗਾਏ ਗਏ ਹਨ, ਤਾਂ ਜੋ ਲੋਕ ਜਾਇਦਾਦ ਖ਼ਰੀਦਣ ਸਮੇਂ ਸੁਚੇਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਨਾ ਹੋਣ। ਨਗਰ ਕੌਂਸਲ ਦੀ ਇਹ ਪਹਿਲਕਦਮੀ ਸ਼ਹਿਰ ’ਚ ਗ਼ੈਰ-ਕਾਨੂੰਨੀ ਕਾਲੋਨਾਈਜ਼ਰਾਂ ਤੇ ਨਕੇਲ ਕੱਸਣ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਹਾਲ ਹੀ ’ਚ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਰੁਣ ਸਹੋਤਾ ਨੇ ਕੁਝ ਗ਼ੈਰ-ਕਾਨੂੰਨੀ ਕਾਲੋਨੀਆਂ ’ਤੇ ਬੁਲਡੋਜ਼ਰ ਕਾਰਵਾਈ ਕੀਤੀ ਸੀ। ਉਸ ਕਾਰਵਾਈ ਤੋਂ ਬਾਅਦ ਸ਼ਹਿਰ ’ਚ ਇਹ ਚਰਚਾ ਸੀ ਕਿ ਇਹ ਕਾਰਵਾਈ ਇਕ ਰਸਮੀ ਕਾਰਵਾਈ ਤੱਕ ਸੀਮਤ ਸੀ। ਇਸਤੋਂ ਬਾਅਦ ਨਗਰ ਕੌਂਸਲ ਨੇ ਸਿਰਫ਼ ਕਾਰਵਾਈ ਤੱਕ ਸੀਮਤ ਰਹਿਣ ਦੀ ਬਜਾਏ ਲੋਕਾਂ ਨੂੰ ਜਾਗਰੂਕ ਕਰਨ ਦਾ ਫ਼ੈਸਲਾ ਲਿਆ ਅਤੇ ਗ਼ੈਰ-ਕਾਨੂੰਨੀ ਕਾਲੋਨੀਆਂ ਦੀ ਸੂਚੀ ਜਨਤਕ ਕਰ ਦਿੱਤੀ। ਇਸਦੇ ਤਹਿਤ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਵੱਡੇ ਸੂਚਨਾ ਬੋਰਡ ਲਗਾਏ ਗਏ ਹਨ, ਜਿਨ੍ਹਾਂ ’ਚ ਸਪੱਸ਼ਟ ਦੱਸਿਆ ਗਿਆ ਹੈ ਕਿ ਸੂਚੀਬੱਧ ਕਾਲੋਨੀਆਂ ਅਤੇ ਮਾਰਕੀਟਾਂ ’ਚ ਪਲਾਟ ਜਾਂ ਦੁਕਾਨ ਖ਼ਰੀਦਣ-ਵੇਚਣ ਤੋਂ ਪਹਿਲਾਂ ਨਗਰ ਕੌਂਸਲ ਤੋਂ ਲੋੜੀਂਦੀ ਪ੍ਰਵਾਨਗੀ ਅਤੇ ਐੱਨਓਸੀ ਲੈਣਾ ਲਾਜ਼ਮੀ ਹੈ। 33 ਕਾਲੋਨੀਆਂ ਤੇ ਮਾਰਕੀਟਾਂ ਦੀ ਸੂਚੀ ਜਾਰੀ ਕਾਰਜ ਸਾਧਕ ਅਫ਼ਸਰ ਵਰੁਣ ਸਹੋਤਾ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਜਾਰੀ ਸੂਚੀ ’ਚ ਕੁੱਲ 33 ਗ਼ੈਰ-ਕਾਨੂੰਨੀ ਕਾਲੋਨੀਆਂ ਅਤੇ ਮਾਰਕੀਟਾਂ ਦਾ ਵੇਰਵਾ ਸ਼ਾਮਲ ਹੈ। ਇਨ੍ਹਾਂ ’ਚ ਮਲੋਟ ਰੋਡ, ਹਾਂਡਾ ਏਜੰਸੀ ਦੇ ਸਾਹਮਣੇ, ਡੇਰਾ ਰਾਧਾ ਸੁਆਮੀ ਦੇ ਸਾਹਮਣੇ, ਮਲੋਟ ਰੋਡ ਮਿਸ਼ਨ ਹਸਪਤਾਲ ਦੇ ਸਾਹਮਣੇ, ਮਲੋਟ ਰੋਡ ਮਿਸ਼ਨ ਹਸਪਤਾਲ ਦੇ ਪਿੱਛੇ, ਮਲੋਟ ਰੋਡ ਰਤਨ ਕੰਪਿਊਟਰ ਕੰਡੇ ਦੇ ਸਾਹਮਣੇ,ਬਰਕੰਡੀ ਰੋਡ ਸੇਫ਼ ਹੋਮ ਐਨਕਲੇਵ ਦੇ ਕੋਲ,ਮਿਡਵੇ ਕਾਲੋਨੀ ਦੇ ਪਿੱਛੇ, ਕੋਟਕਪੂਰਾ ਬਠਿੰਡਾ ਰੋਡ ਬਾਈਪਾਸ, ਮਿਡਵੇ ਕਾਲੋਨੀ ਬੂਟਾ ਗਿੱਲ ਢਾਣੀ ਵਾਲੀ ਗਲੀ, ਰਾਹਤ ਹੋਟਲ ਦੇ ਸਾਹਮਣੇ ਵਾਲੀ ਗਲੀ ਦੇ ਅਖ਼ੀਰ ਅਤੇ ਸਾਹਮਣੇ, ਡਿਪਟੀ ਦਲੀਪ ਸਿੰਘ ਮਾਰਗ, ਕੱਚਾ ਉਦੇਕਰਨ ਰੋਡ, ਆਦੇਸ਼ ਨਗਰ ਕਬੀਰ ਐਨਕਲੇਵ ਦੇ ਨਾਲ ਕੋਟਕਪੂਰਾ ਰੋਡ, ਜਲਾਲਾਬਾਦ ਰੋਡ, ਭਾਈ ਜਰਨੈਲ ਸਿੰਘ ਨਗਰ ਦੇ ਪਿੱਛੇ, ਮਲੋਟ ਅਬੋਹਰ ਰੋਡ ਬਾਈਪਾਸ, ਅਬੋਹਰ ਰੋਡ ਜਲਾਲਾਬਾਦ ਰੋਡ ਬਾਈਪਾਸ ਕਲਮ ਨਮਕ ਫ਼ੈਕਟਰੀ ਦੇ ਸਾਹਮਣੇ, ਬਲਮਗੜ੍ਹ ਰੋਡ ਫਾਟਕ ਦੇ ਨੇੜੇ ਸ਼ਮਸ਼ਾਨ ਘਾਟ,ਗੋਨਿਆਣਾ ਰੋਡ,ਫ਼ਿਰੋਜ਼ਪੁਰ ਰੋਡ ਸਰਕਾਰੀ ਕਾਲਜ ਦੇ ਕੋਲ, ਕੱਚਾ ਭਾਗਸਰ ਰੋਡ, ਪੁਰਾਣੀ ਸ਼ੰਭੂ ਕੋਟਨ ਫ਼ੈਕਟਰੀ, ਜਲਾਲਾਬਾਦ ਰੋਡ ਨੈਸ਼ਨਲ ਪਬਲਿਕ ਮਾਰਕੀਟ ਦੇ ਕੋਲ, ਅਬੋਹਰ ਜਲਾਲਾਬਾਦ ਰੋਡ ਬਾਈਪਾਸ, ਮੱਤਾ ਪੁਰਾਣੇ ਐੱਮਸੀ ਦੇ ਘਰ ਦੇ ਕੋਲ, ਪਵਿੱਤਰ ਹਸਪਤਾਲ ਦੇ ਕੋਲ ਅਬੋਹਰ ਜਲਾਲਾਬਾਦ ਰੋਡ ਬਾਈਪਾਸ, ਗੁਰੂ ਤੇਗ ਬਹਾਦਰ ਨਗਰ ਦੇ ਅਖ਼ੀਰ ਵਿੱਚ, ਮੋੜ ਰੋਡ ਲਾਲੀ ਡੇਅਰੀ ਨੇੜੇ ਸੂਏ ਦੇ ਪੁਲ ਦੇ ਕੋਲ, ਬੂੜਾ ਗੁੱਜਰ ਰੋਡ ਲਾਂਬਾ ਦੇ ਖੇਤਾਂ ਦੇ ਕੋਲ, ਅਬੋਹਰ ਰੋਡ ਬਾਈਪਾਸ ਬਲਮਗੜ੍ਹ ਰੋਡ ਜੀਵਨ ਸਿੰਘ ਨਗਰ, ਬਠਿੰਡਾ ਰੋਡ ਸਾਹਮਣੇ ਨਹਿਰੀ ਕਾਲੋਨੀ, ਬਠਿੰਡਾ ਰੋਡ ਗੁਰੂ ਤੇਗ ਬਹਾਦਰ ਨਗਰ ਪਹਿਲੀ ਗਲੀ, ਬਠਿੰਡਾ ਮਲੋਟ ਬਾਈਪਾਸ, ਆਰਓ ਵਾਲੀ ਗਲੀ ਦੇ ਅਖ਼ੀਰ ਚ ਅਤੇ ਗੁਰੂ ਨਾਨਕ ਬਸਤੀ ਦੇ ਕੋਲ, ਕੀਰਤ ਨਗਰ ਗਲੀ ਨੰਬਰ 4-5, ਮਲੋਟ ਰੋਡ ਅਬੋਹਰ ਰੋਡ ਬਾਈਪਾਸ, ਸ਼ਹੀਦ ਭਗਤ ਸਿੰਘ ਨਗਰ ਗਲੀ ਨੰਬਰ 1-2 ਦੇ ਅਖ਼ੀਰ ਚ, ਮਲੋਟ ਰੋਡ ਅਬੋਹਰ ਰੋਡ ਬਾਈਪਾਸ, ਸ਼ਹੀਦ ਭਗਤ ਸਿੰਘ ਨਗਰ ਗਲੀ ਨੰਬਰ 3 ਦੇ ਅਖ਼ੀਰ ਚ, ਕੋਟਕਪੂਰਾ ਰੋਡ ਰਸਤਾ ਪਿੱਪਲ ਪੰਪ ਦੇ ਨਾਲ ਵਾਲੀ ਗਲੀ ਅਤੇ ਪੁਰਾਣੇ ਆਦੇਸ਼ ਹਸਪਤਾਲ ਦੇ ਸਾਹਮਣੇ, ਬਲਮਗੜ੍ਹ ਰੋਡ ਨੇੜੇ ਰੇਲਵੇ ਗੇਟ ਸਾਹਮਣੇ ਸ਼ਕਤੀਮਾਨ ਏਜੰਸੀ, ਅਬੋਹਰ ਰੋਡ ਬਾਈਪਾਸ ਪਲਾਟਿੰਗ ਅਤੇ ਬੂੜਾ ਗੁੱਜਰ ਰੋਡ ਭਾਰਤ ਗੈਸ ਏਜੰਸੀ ਵਾਲੀ ਗਲੀ, ਗਿਰਧਰ ਐਨਕਲੇਵ ਆਦਿ ਕਾਲੋਨੀਆਂ ਸ਼ਾਮਲ ਹਨ। ਬਿਨਾਂ ਐੱਨਓਸੀ ਖ਼ਰੀਦਣ ਵਾਲਿਆਂ ਦੀ ਹੋਵੇਗੀ ਜ਼ਿੰਮੇਵਾਰੀ ਨਗਰ ਕੌਂਸਲ ਨੇ ਜਾਰੀ ਨੋਟਿਸ ’ਚ ਸਪੱਸ਼ਟ ਕੀਤਾ ਕਿ ਇਨ੍ਹਾਂ ਕਾਲੋਨੀਆਂ ਜਾਂ ਮਾਰਕੀਟਾਂ ’ਚ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਖ਼ਰੀਦਣ ਜਾਂ ਵੇਚਣ ਤੋਂ ਪਹਿਲਾਂ ਨਗਰ ਕੌਂਸਲ ਤੋਂ ਐੱਨਓਸੀ ਪ੍ਰਾਪਤ ਕਰਨਾ ਲਾਜ਼ਮੀ ਹੈ। ਜੇਕਰ ਕੋਈ ਵਿਅਕਤੀ ਬਿਨਾਂ ਮਨਜ਼ੂਰੀ ਦੇ ਪਲਾਟ ਜਾਂ ਦੁਕਾਨ ਖ਼ਰੀਦਦਾ ਹੈ, ਤਾਂ ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਅਸੁਵਿਧਾ, ਕਾਨੂੰਨੀ ਵਿਵਾਦ ਜਾਂ ਵਿੱਤੀ ਨੁਕਸਾਨ ਲਈ ਉਹ ਆਪ ਜ਼ਿੰਮੇਵਾਰ ਹੋਵੇਗਾ। ਈਓ ਵਰੁਣ ਸਹੋਤਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਜਾਇਦਾਦ ’ਚ ਨਿਵੇਸ਼ ਕਰਨ ਤੋਂ ਪਹਿਲਾਂ ਸਬੰਧਤ ਕਾਲੋਨੀ ਦੀ ਕਾਨੂੰਨੀ ਸਥਿਤੀ, ਨਕਸ਼ਾ ਮਨਜ਼ੂਰੀ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਪੂਰੀ ਤਰ੍ਹਾਂ ਜਾਂਚ ਜ਼ਰੂਰ ਕਰਨ। ਤਹਿਸੀਲ ਤੇ ਨਗਰ ਕੌਂਸਲ ਦਫ਼ਤਰ ’ਚ ਵੀ ਲੱਗਣਗੇ ਸੂਚਨਾ ਬੋਰਡ ਨਗਰ ਕੌਂਸਲ ਨੇ ਦੱਸਿਆ ਕਿ ਇਹ ਮੁਹਿੰਮ ਸਿਰਫ਼ ਜਨਤਕ ਥਾਵਾਂ ਤੱਕ ਹੀ ਸੀਮਤ ਨਹੀਂ ਰਹੇਗੀ। ਆਉਣ ਵਾਲੇ ਦਿਨਾਂ ’ਚ ਨਗਰ ਕੌਂਸਲ ਦਫ਼ਤਰ ਅਤੇ ਤਹਿਸੀਲ ਕੰਪਲੈਕਸ ’ਚ ਵੀ ਅਜਿਹੇ ਸੂਚਨਾ ਬੋਰਡ ਲਗਾਏ ਜਾਣਗੇ, ਤਾਂ ਜੋ ਜਾਇਦਾਦ ਖ਼ਰੀਦਣ ਵਾਲੇ ਲੋਕ ਪਹਿਲਾਂ ਹੀ ਸਬੰਧਤ ਕਾਲੋਨੀ ਦੀ ਮਾਨਤਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।