ਗਲੀਆਂ ’ਚ ਸੀਵਰੇਜ ਤੇ ਜਲ ਸਪਲਾਈ ਪਾਈਪਾਂ ਪਾ ਕੇ ਭੁੱਲਿਆ ਪ੍ਰਸ਼ਾਸਨ
ਗਲੀਆਂ ’ਚ ਸੀਵਰੇਜ ਤੇ ਜਲ ਸਪਲਾਈ ਪਾਈਪਾਂ ਪਾ ਕੇ ਭੁੱਲਿਆ ਪ੍ਰਸ਼ਾਸਨ
Publish Date: Mon, 16 Nov 2026 05:24 PM (IST)
Updated Date: Mon, 16 Nov 2026 05:27 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੀਵਰੇਜ ਅਤੇ ਜਲ ਸਪਲਾਈ ਪਾਈਪਾਂ ਪਾਉਣ ਤੋਂ ਬਾਅਦ ਸਾਲ ਭਰ ਤੋਂ ਪੁੱਟੀਆਂ ਸੜਕਾਂ ਤਾਂ ਅਜੇ ਤਿਆਰ ਨਹੀਂ ਹੋਈਆਂ ਕਿ ਹੁਣ ਪ੍ਰਸ਼ਾਸਨ ਵੱਲੋਂ ਗਲੀਆਂ ’ਚ ਵੀ ਪਾਈਪਾਂ ਪਾ ਕੇ ਭੁੱਲ ਗਿਆ ਹੈ ਜਿਸ ਕਰਕੇ ਸ਼ਹਿਰੀ ਲੋਕ ਅਤੇ ਰਾਹਗੀਰ ਡਾਢੇ ਪ੍ਰੇਸ਼ਾਨ ਹਨ। ਮੁੱਖ ਸੜਕਾਂ ਪੁੱਟੀਆਂ ਹੋਣ ਕਰਕੇ ਗਲੀਆਂ ਵਿੱਚੋਂ ਦੀ ਜ਼ਿਆਦਾ ਲੰਘਦੇ ਟੱਪਦੇ ਸਨ ਪਰ ਹੁਣ ਇਹ ਰਸਤੇ ਵੀ ਬੰਦ ਹੋ ਗਏ ਹਨ। ਕਈ ਗਲੀਆਂ ’ਚ ਤਾਂ ਘਰਾਂ ’ਚ ਵੱੜਣਾ ਵੀ ਔਖਾ ਹੋ ਗਿਆ ਹੈ। ਬੈਂਕ ਰੋਡ, ਕੋਟਕਪੂਰਾ ਰੋਡ ਅਤੇ ਬਜ਼ਾਰ ਦੀਆਂ ਗਲੀਆਂ ’ਚ ਮੋਟਰ ਸਾਇਕਲ ਲਿਜਾਣਾ ਵੀ ਔਖਾ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਜੇਸੀਬੀ ਵਾਲੇ ਪਾਈਪਾਂ ਵਾਸਤੇ ਖੱਡੇ ਪੁੱਟ ਦਿੰਦੇ ਹਨ ਪਰ ਬਾਅਦ ’ਚ ਉਨ੍ਹਾਂ ਨੂੰ ਪੂਰਦੇ ਨਹੀਂ। ਲੋਕ ਪੱਲਿਓ ਹੀ ਮਿੱਟੀ ਪੱਧਰੀ ਕਰਾਉਂਦੇ ਹਨ। ਕਈ ਗਲੀਆਂ ’ਚ ਤਾਂ ਅੱਧੀ ਗਲੀ ’ਚ ਪਾਈਪਾਂ ਪਾ ਕੇ ਕੰਮ ਬੰਦ ਕਰ ਦਿੱਤਾ ਹੈ। ਲੋਕਾਂ ਦੀ ਮੰਗ ਹੈ ਕਿ ਜਿੰਨ੍ਹਾਂ ਗਲੀਆਂ ’ਚ ਪਾਈਪਾਂ ਅੱਧੀਆਂ ਪਈਆਂ ਹਨ ਉਹ ਪੂਰੀਆਂ ਪਾਈਆਂ ਜਾਣ ਤੇ ਜਿਥੇ ਪੂਰੀਆਂ ਪਾਈਪਾਂ ਪੈ ਗਈਆਂ ਹਨ ਉਥੇ ਫਰਸ਼ ਲਾਇਆ ਜਾਵੇ। ਇਸ ਦੌਰਾਨ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਦਾ ਕੰਮ ਆਖਰੀ ਪੜ੍ਹਾਅ ’ਤੇ ਹੈ ਅਤੇ ਜਲਦੀ ਹੀ ਸੜਕਾਂ ਤੇ ਗਲੀਆਂ ਦਾ ਕੰਮ ਮੁਕਮੰਲ ਕਰ ਦਿੱਤਾ ਜਾਵੇਗਾ।