ਨਸ਼ਾ ਤਸਕਰਾਂ ਨੂੰ ਬਚਾਉਣ 'ਚ ਲੱਗੀ 'ਆਪ' ਸਰਕਾਰ : ਹਰਸਿਮਰਤ ਬਾਦਲ ਨਸ਼ਾ ਤਸਕਰਾਂ ਨੂੰ ਬਚਾਉਣ 'ਚ ਲੱਗੀ 'ਆਪ' ਸਰਕਾਰ: ਹਰਸਿਮਰਤ ਕੌਰ ਬਾਦਲ
Publish Date: Wed, 23 Sep 2026 07:19 PM (IST)
Updated Date: Wed, 23 Sep 2026 07:21 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ‘ਆਪ’ ਨਸ਼ਾ ਤਸਕਰਾਂ ਦਾ ਬਚਾਅ ਕਰਨ ਤੇ ਉਨ੍ਹਾਂ ਨੂੰ ਬੇਨਕਾਬ ਕਰਨ ਵਾਲਿਆਂ ’ਤੇ ਤਸ਼ੱਦਦ ਢਾਹੁਣ ਦੀ ਨੀਤੀ ’ਤੇ ਚਲ ਰਹੀ ਹੈ ਤੇ ਇਹ ਗੱਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਰਵੱਈਏ ਤੋਂ ਵੀ ਪਤਾ ਚਲਦਾ ਹੈ ਜਿਨ੍ਹਾਂ ਨੇ ਆਪਣੇ ਹਲਕੇ ’ਚ ਨਸ਼ਾ ਵੇਚਣ ਵਾਲੇ ਪਾਰਟੀ ਆਗੂ ਦਾ ਬਚਾਅ ਕੀਤਾ ਤੇ ਇਸ ਮਾਮਲੇ ਨੂੰ ਜਨਤਕ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਕਾਰਵਾਈ ਕਰਵਾ ਕੇ ਤਸ਼ੱਦਦ ਢਾਹਿਆ। ਬੀਬੀ ਬਾਦਲ ਨੇ ਬੁੱਧਵਾਰ ਨੂੰ ਲੰਬੀ ਅਤੇ ਗਿੱਦੜਬਾਹਾ ’ਚ ‘ਮਾਵਾਂ ਧੀਆਂ ਇਨਸਾਫ’ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਕਾਰਜਕਾਰੀ ਮੈਜਿਸਟਰੇਟਰਾਂ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਣ ਵਾਸਤੇ ਮਾਰਚਾਂ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਗੁਰਮੀਤ ਖੁੱਡੀਆਂ ਜੋ ਸੂਬਾ ਵਿਧਾਨ ਸਭਾ ’ਚ ਲੰਬੀ ਦੀ ਪ੍ਰਤੀਨਿਧਤਾ ਕਰਦੇ ਹਨ, ਨੇ ਖੁੱਡੀਆਂ ਲਾਭ ਸਿੰਘ ਵਾਲਾ ਪਿੰਡ ’ਚ ਉਸ ਪੰਚਾਇਤ ਮੈਂਬਰ ਦੇ ਪੁੱਤਰ ਦੀ ਸ਼ਰ੍ਹੇਆਮ ਹਮਾਇਤ ਕੀਤੀ ਜੋ ਹਲਕੇ ’ਚ ਨਸ਼ਾ ਵੇਚਦਾ ਹੈ ਕਿਉਂਕਿ ਉਹ ਇਕ ‘ਆਪ’ ਆਗੂ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੇ ਇਲਾਕੇ ਦੇ ਲੋਕਾਂ ਅਤੇ ਉਸ ਬਜ਼ੁਰਗ ਮਹਿਲਾ ਦੀ ਗੱਲ ਵੀ ਨਹੀਂ ਸੁਣੀ ਜੋ ਉਸ ਨਸ਼ਾ ਤਸਕਰ ਦੇ ਖਿਲਾਫ ਸ਼ਿਕਾਇਤ ਲੈ ਕੇ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਪ੍ਰਤੀ ਖੁੱਡੀਆਂ ਦੀ ਵਫਾਦਾਰੀ ਇਥੋਂ ਵੀ ਸਾਬਤ ਹੋ ਜਾਂਦੀ ਹੈ ਕਿ ਜਦੋਂ ਇਕ ਨਿਰਪੱਖ ਪੱਤਰਕਾਰ ਨੇ ਨਸ਼ਾ ਤਸਕਰ ਨੂੰ ਬੇਨਕਾਬ ਕੀਤਾ ਅਤੇ ਇਹ ਮਾਮਲਾ ਵਾਇਰਲ ਹੋਇਆ ਤਾਂ ਸ਼ਿਕਾਇਤ ਕਰਤਾ ਦੇ ਖਿਲਾਫ ਪੁਲਿਸ ਭੇਜ ਦਿੱਤੀ ਗਈ ਜਿਸਨੇ ਅੰਨਾ ਤਸ਼ੱਦਦ ਢਾਹਿਆ ਤੇ ਪੱਤਰਕਾਰ ਦੇ ਖਿਲਾਫ ਵੀ ਕੇਸ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਤਕਲੀਫਦੇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਪ੍ਰਾਪੇਗੰਡੇ ਵਿਚ ਲੱਗੇ ਹਨ ਤੇ ਸੂਬੇ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਰੋਜ਼ਾਨਾ ਨੌਜਵਾਨ ਮੌਤ ਦੇ ਮੂੰਹ ਪੈ ਰਹੇ ਹਨ। ਸੂਬਾ ਸਰਕਾਰ ਔਰਤਾਂ ਦਾ 60-60 ਹਜ਼ਾਰ ਰੁਪਏ ਬਕਾਇਆ ਅਦਾ ਕਰੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਨੌਜਵਾਨਾਂ ਦੀ ਇਕ ਪੀੜੀ ਦੇ ਖ਼ਾਤਮੇ ਵਾਸਤੇ ਬੰਦੂਕਾਂ ਦੀ ਵਰਤੋਂ ਕੀਤੀ ਸੀ ਤੇ ਹੁਣ ਆਪ ਸਰਕਾਰ ਸੂਬੇ ’ਚ ਨਸ਼ਾ ਤਸਕਰੀ ਖਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨ ’ਚ ਅਸਫਲ ਹੋ ਕੇ ਇਕ ਪੀੜੀ ਨੂੰ ਖ਼ਤਰੇ ’ਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ’ਚ ਮਹਿਲਾਵਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਔਰਤਾਂ ਨਾਲ ਮਾੜਾ ਹੋਇਆ, ਉਹ ਮੁੱਖ ਮੰਤਰੀ ਤੱਕ ਵੀ ਪਹੁੰਚੀਆਂ ਹਨ ਤੇ ਇਨ੍ਹਾਂ ’ਚੋਂ ਦੋ ਨੇ ਤਾਂ ਇਕ ਮੀਡੀਆ ਇਨਫਲੂਐਂਸਰ ਦੇ ਖਿਲਾਫ ਜ਼ਬਰ ਜਨਾਹ ਦੇ ਕੇਸ ਵੀ ਦਾਇਰ ਕੀਤੇ ਪਰ ਸਰਕਾਰ ਨੇ ਇਨ੍ਹਾਂ ਔਰਤਾਂ ਦੀ ਮਦਦ ਵਾਸਤੇ ਕੱਖ ਵੀ ਨਹੀਂ ਕੀਤਾ। ਉਲਟਾ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਨੇ ਜ਼ਬਰ ਜਨਾਹ ਦੇ ਮੁਲਜ਼ਮ ਗੁਰੀ ਚਹਿਲ ਦੇ ਨਜ਼ਦੀਕੀ ਨਾਲ 5 ਕਰੋੜ ਰੁਪਏ ’ਚ ਸੌਦਾ ਕੀਤਾ ਤੇ ਯਕੀਨੀ ਬਣਾਇਆ ਕਿ ਉਹ ਜੇਲ੍ਹ ਵਿਚੋਂ ਛੁੱਟ ਜਾਵੇ ਤੇ ਅਮਰੀਕਾ ਭੱਜ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਜ਼ਬਰ ਜਨਾਹ ਦੇ ਪੀੜਤਾਂ ਵਾਸਤੇ ਇਨਸਾਫ ਅਤੇ ਗੁਰਪ੍ਰੀਤ ਕੌਰ ਖਿਲਾਫ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਮੰਗਦੇ ਹਾਂ। ਮੰਗ ਪੱਤਰ ’ਚ ਇਹ ਵੀ ਆਖਿਆ ਗਿਆ ਕਿ ਆਪ ਸਰਕਾਰ ਔਰਤਾਂ ਨੂੰ ਪ੍ਰਤੀ ਮਹੀਨਾ ਇਕ-ਇਕ ਹਜ਼ਾਰ ਰੁਪਏ ਦੇਣ ਦੇ ਕੀਤੇ ਵਾਅਦੇ ਮੁਤਾਬਕ ਉਨ੍ਹਾਂ ਦਾ ਬਣਦਾ 60-60 ਹਜ਼ਾਰ ਰੁਪਏ ਬਕਾਇਆ ਅਦਾ ਕਰੇ। ਉਨ੍ਹਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਹਮਾਇਤ ਕਰਨ।