ਪੰਜਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਸਬੰਧੀ ਮੁਕਤਸਰ ਤੋਂ ਮਜ਼ਦੂਰ ਕਾਫਲਾ ਰਵਾਨਾ ਪੰਜਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਸਬੰਧੀ ਮੁਕਤਸਰ ਤੋਂ ਮਜ਼ਦੂਰ ਕਾਫਲਾ ਰਵਾਨਾ
Publish Date: Tue, 08 Sep 2026 05:08 PM (IST)
Updated Date: Tue, 08 Sep 2026 05:10 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : 9 ਸਤੰਬਰ ਨੂੰ ਪੰਜਾਬੀ ਕਵੀ ਅਵਤਾਰ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿਖੇ ਮਨਾਏ ਜਾ ਰਹੇ ਜਨਮ ਦਿਹਾੜਾ ਸਮਾਗਮ ਦੀਆਂ ਤਿਆਰੀਆਂ ’ਚ ਲੱਗੇ ਵਲੰਟੀਅਰਾਂ ਅਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨਾਲ ਆਪ ਪਾਰਟੀ ਦੇ ਸਰਪੰਚ ਤੇ ਉਸਦੇ ਹਮਾਇਤੀਆਂ ਵੱਲੋਂ ਗਾਲੀ ਗਲੋਚ ਕਰਨ ਅਤੇ ਜਾਤੀ ਸੂਚਕ ਸ਼ਬਦ ਵਰਤ ਕੇ ਅਪਮਾਨਤ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਇਸਦੀ ਸਖਤ ਨਿਖੇਧੀ ਕੀਤੀ ਹੈ। ਯੂਨੀਅਨ ਦੇ ਆਗੂ ਬਾਜ਼ ਸਿੰਘ ਭੁੱਟੀਵਾਲਾ ਤੇ ਕਾਕਾ ਸਿੰਘ ਖੁੰਡੇ ਹਲਾਲ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਦੱਸਿਆ ਉਥੇ ਬਣੀ ਤਣਾਅਪੂਰਨ ਹਾਲਾਤ ਦੇ ਮੱਦੇਨਜ਼ਰ ਜਥੇਬੰਦੀ ਦੇ ਵਲੰਟੀਅਰਾਂ ਦਾ ਕਾਫ਼ਲਾ ਅੱਜ ਹੀ ਪਾਸ਼ ਦੀ ਜਨਮ ਭੂਮੀ ਤਲਵੰਡੀ ਸਲੇਮ ਲਈ ਰਵਾਨਾ ਹੋ ਗਿਆ। ਮਜ਼ਦੂਰ ਆਗੂਆਂ ਨੇ ਮੰਗ ਕੀਤੀ ਕਿ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਵੀ ਅਵਤਾਰ ਪਾਸ਼ ਦੇ ਸਮਾਗਮ ’ਚ ਵਿਘਣ ਪਾਉਣ ਅਤੇ ਜਾਤੀ ਸੂਚਕ ਸ਼ਬਦ ਵਰਤ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੂੰ ਅਪਮਾਨਤ ਕਰਨ ਵਾਲੇ ਆਪ ਪਾਰਟੀ ਦੇ ਸਰਪੰਚ ਪ੍ਰਦੀਪ ਸਿੰਘ ਤੇ ਉਸਦੇ ਹਮਾਇਤੀਆਂ ਤੇ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਹਲਕਾ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਸਿਆਸੀ ਸ਼ਹਿ ’ਤੇ ਹੀ ਸਰਪੰਚ ਵੱਲੋਂ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਤੇ ਕਬਜ਼ਾ ਕਰਨ ਦੇ ਮਨਸੂਬਿਆਂ ਤਹਿਤ ਹੀ ਅਜਿਹੇ ਕੋਝੇ ਹਥਕੰਡੇ ਅਪਣਾਏ ਜਾ ਰਹੇ ਹਨ ਜਿਨ੍ਹਾਂ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੱਲ੍ਹ ਸਰਪੰਚ ਤੇ ਉਸਦੇ ਹਮਾਇਤੀਆਂ ਵੱਲੋਂ ਵਲੰਟੀਅਰਾਂ ਨਾਲ਼ ਝਗੜਾ ਕਰਨ ਦੇ ਬਾਵਜੂਦ ਯਾਦਗਾਰੀ ਕੰਪਲੈਕਸ ’ਚ ਸੈਂਕੜੇ ਮਜ਼ਦੂਰ ਕਿਸਾਨ ਡਟੇ ਹੋਏ ਹਨ ਅਤੇ ਪਾਸ਼ ਦਾ ਜਨਮ ਦਿਹਾੜਾ ਸਮਾਗਮ ਹਰ ਹਾਲਤ ਮਨਾਇਆ ਜਾਵੇਗਾ।