ਪਰਮਾਤਮਾ ਦੇ ਸਿਮਰਨ ਨਾਲ ਮਨੁੱਖ ਦੀ ਤ੍ਰਿਸ਼ਨਾ ਹੁੰਦੀ ਖ਼ਤਮ : ਭਾਈ ਮੰਗਲ ਸਿੰਘ
ਪਿੰਡ ਸੁਖਣਾ ਅਬਲੂ ਵਿਖੇ ਦੋ ਰੋਜ਼ਾ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਇਆ
Publish Date: Thu, 02 Apr 2026 04:06 PM (IST)
Updated Date: Fri, 03 Apr 2026 04:04 AM (IST)

ਪਿੰਡ ਸੁਖਣਾ ਅਬਲੂ ਵਿਖੇ ਦੋ ਰੋਜ਼ਾ ਵਿਸ਼ੇਸ਼ ਧਾਰਮਿਕ ਪ੍ਰੋਗਰਾਮ, ਭਾਈ ਮੰਗਲ ਸਿੰਘ ਨੇ ਅਧਿਆਤਮਿਕ ਵਿਚਾਰਾਂ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ ਦਵਿੰਦਰ ਬਾਘਲਾ, ਪੰਜਾਬੀ ਜਾਗਰਣ, ਦੋਦਾ : ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਪਿੰਡ ਸੁਖਣਾ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਿਨਾਂ ਦਾ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਆਸ਼ੂਤੋਸ਼ ਮਹਾਰਾਜ ਦੇ ਸੇਵਕ ਭਾਈ ਮੰਗਲ ਸਿੰਘ ਨੇ ਅਧਿਆਤਮਿਕ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨੁੱਖ ਦੀ ਤ੍ਰਿਸ਼ਨਾ ਖਤਮ ਹੁੰਦੀ ਹੈ। ਉਨ੍ਹਾਂ ਨੇ ਸਮਝਾਉਂਦੇ ਹੋਏ ਦੱਸਿਆ ਕਿ ਤ੍ਰਿਸ਼ਨਾ ਇੱਕ ਵੱਡਾ ਰੋਗ ਹੈ। ਮਨੁੱਖ ਆਪਣੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਇਕੱਲਾ ਮਹਿਸੂਸ ਕਰਦਾ ਹੈ। ਉਸਦੀ ਲਾਲਸਾ ਵਧਦੀ ਹੀ ਜਾਂਦੀ ਹੈ| ਉਸਦੇ ਅੰਦਰੋਂ ਸੰਤੋਖ ਬਿਲਕੁਲ ਹੀ ਖਤਮ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਅਜੋਕੇ ਸਮੇਂ ਦੇ ਅੰਦਰ ਮਨੁੱਖ ਦੀ ਭੱਜ ਦੌੜ ਜਿਆਦਾ ਵੱਧ ਗਈ ਹੈ। ਇਹ ਸਭ ਤ੍ਰਿਸ਼ਨਾ ਦੇ ਕਾਰਨ ਹੀ ਹੈ। ਆਪਣੇ ਵਿਚਾਰਾਂ ਰਾਹੀਂ ਭਾਈ ਸਾਹਿਬ ਨੇ ਦੱਸਿਆ ਕਿ ਆਪਣੀ ਭੱਜ ਦੌੜ ’ਚ ਪਰਮਾਤਮਾ ਨੂੰ ਵਿਸਾਰ ਦੇਣਾ ਅਤੇ ਪਰਮਾਤਮਾ ਦੀ ਬੰਦਗੀ ਦੇ ਲਈ ਸਮਾਂ ਨਾ ਕੱਢ ਪਾਉਣਾ ਮਨੁੱਖ ਲਈ ਚਿੰਤਾ ਦਾ ਵਿਸ਼ਾ ਹੈ। ਜਿਵੇਂ ਕਿ ਰੇਗਿਸਤਾਨ ’ਚ ਹਿਰਨ ਪਿਆਸ ਬੁਝਾਉਣ ਦੇ ਲਈ ਅੱਗੇ ਵੱਧਦਾ ਹੈ ਤਾਂ ਦੂਰੋਂ ਚਮਕਦੀ ਰੇਤ ਉਸਨੂੰ ਪਾਣੀ ਨਜ਼ਰ ਆਉਂਦੀ ਹੈ। ਉਹ ਆਪਣੀ ਪਿਆਸ ਬੁਝਾਉਣ ਦੇ ਲਈ ਅੱਗੇ ਵਧਦਾ ਹੈ ਉਸਨੂੰ ਰੇਤ ਨਜ਼ਰ ਆਉਂਦੀ ਹੈ। ਇਸੇ ਪ੍ਰਕਾਰ ਉਸ ਤੋਂ ਅਗਲੀ ਰੇਤ ਚਮਕਣ ਲੱਗ ਜਾਂਦੀ ਹੈ। ਉਸਦੀ ਪਿਆਸ ਪੂਰੀ ਨਹੀਂ ਹੁੰਦੀ। ਇਸ ਪ੍ਰਕਾਰ ਅੱਜ ਦਾ ਇਨਸਾਨ ਵੀ ਬਾਹਰੀ ਧਨ ਦੌਲਤ ਦੇ ਵਿੱਚੋਂ ਸੁੱਖ ਦੀ ਤਲਾਸ਼ ਕਰਦਾ ਹੈ ਪਰ ਮਿਲਦਾ ਦੁੱਖ ਹੀ ਹੈ। ਅਸਲ ’ਚ ਸੁੱਖ ਉਸਦੇ ਅੰਦਰ ਹੈ। ਪਰਮਾਤਮਾ ਦਾ ਨਾਮ ਜਪਣ ’ਚ ਹੈ। ਆਪਣੇ ਵਿਚਾਰਾਂ ਨੂੰ ਤੋਰਦੇ ਹੋਏ ਭਾਈ ਸਾਹਿਬ ਨੇ ਕਿਹਾ ਕਿ ਪਰਮਾਤਮਾ ਦਾ ਨਾਮ ਹੀ ਸੰਸਾਰ ਦੀ ਮਾਇਆ ਤੋਂ ਬਚਾ ਸਕਦਾ। ਉਨ੍ਹਾਂ ਦੱਸਿਆ ਕਿ ਗੁਰੂ ਤੋਂ ਬਿਨਾਂ ਅੰਤਰ ਜਗਤ ’ਚ ਨਹੀਂ ਜਾਇਆ ਜਾ ਸਕਦਾ ਅਤੇ ਭਗਤੀ ਦੀ ਸ਼ੁਰੂਆਤ ਅੰਤਰ ਜਗਤ ਤੋਂ ਹੀ ਹੁੰਦੀ ਹੈ। ਇਸ ਵਿਸ਼ਾਲ ਸਮਾਗਮ ’ਚ ਇਲਾਕੇ ਭਰ ਦੀਆਂ ਸੰਗਤਾਂ ਨੇ ਭਾਈ ਸਾਹਿਬ ਦੇ ਵਿਚਾਰਾਂ ਨੂੰ ਸਰਵਣ ਕੀਤਾ। ਇਸ ਮੌਕੇ ਭਾਈ ਹਰਦੀਪ ਸਿੰਘ, ਭਾਈ ਜਸਪਾਲ ਸਿੰਘ ਅਤੇ ਭਾਈ ਰਣਜੀਤ ਸਿੰਘ ਦੇ ਵੱਲੋਂ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਦਾ ਇਲਾਹੀ ਕੀਰਤਨ ਕੀਤਾ ਗਿਆ।