ਪੰਨੀਵਾਲਾ ਫੱਤਾ ਅਬੋਹਰ ਰੋਡ ’ਤੇ ਲੱਕੜ ਦਾ ਟਰਾਲਾ ਪਲਟਿਆ
ਪੰਨੀਵਾਲਾ ਫੱਤਾ ਅਬੋਹਰ ਰੋਡ ’ਤੇ ਪਲਟਿਆ ਲੱਕੜਾਂ ਦਾ ਭਰਿਆ ਟਰਾਲਾ
Publish Date: Sat, 14 Feb 2026 04:33 PM (IST)
Updated Date: Sat, 14 Feb 2026 04:36 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਵਾਇਆ ਪੰਨੀਵਾਲਾ ਸੜਕ ਦਾ ਐਨਾਂ ਜਿਆਦਾ ਬੁਰਾ ਹਾਲ ਹੈ ਕਿ ਰੋਜ਼ਾਨਾ ਹੀ ਐਕਸੀਡੈਂਟ ਹੁੰਦੇ ਹਨ ਅਤੇ ਵੱਡੇ ਵਹੀਕਲ ਪਲਟ ਜਾਂਦੇ ਹਨ। ਇਸ ਬਾਬਤ ਕਾਫੀ ਵਾਰ ਅਖਬਾਰਾਂ ’ਚ ਖਬਰਾਂ ਪ੍ਰਕਾਸ਼ਿਤ ਚੁੱਕੀਆਂ ਹਨ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਧਿਆਨ ’ਚ ਗੱਲ ਲਿਆਂਦੀ ਗਈ ਹੈ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਸੜਕ ਵੱਲ ਕਿਸੇ ਸਰਕਾਰੀ ਨੁਮਾਇੰਦੇ ਨੇ ਧਿਆਨ ਨਹੀਂ ਦਿੱਤਾ। ਦੱਸ ਦਈਏ ਕਿ ਲੱਕੜਾਂ ਨਾਲ ਭਰਿਆ ਟਰਾਲਾ ਅਬੋਹਰ ਤੋਂ ਵਾਇਆ ਪੰਨੀਵਾਲਾ ਅੱਗੇ ਅਰਨੀਵਾਲਾ ਨੂੰ ਜਾ ਰਿਹਾ ਸੀ ਕਿ ਭਾਰੀ ਖੱਡੇ ਹੋਣ ਕਾਰਨ ਟਰਾਲਾ ਪਲਟ ਗਿਆ। ਕੋਲ ਖੜੀਆਂ ਦੋ ਕਾਰਾਂ ਦਾ ਵੀ ਥੋੜਾ ਨੁਕਸਾਨ ਹੋਇਆ ਹੈ। ਮੌਕੇ ’ਤੇ ਪਹੁੰਚੇ ਪੁਲਿਸ ਚੌਕੀ ਇੰਚਾਰਜ ਵੇਦ ਪ੍ਰਕਾਸ਼ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ, ਉਨ੍ਹਾਂ ਦੱਸਿਆ ਕਿ ਟਰਾਲਾ ਓਵਰਲੋਡ ਸੀ ਅਤੇ ਸਿੰਗਲ ਟਾਇਰਾਂ ਵਾਲਾ ਸੀ। ਉਨ੍ਹਾਂ ਕਿਹਾ ਕਿ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਕਾਰਵਾਈ ਕੀਤੀ ਜਾਵੇਗੀ। ਹਲਕਾ ਲੰਬੀ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਨੀਵਾਲਾ ਫਤਾ ਤੱਕ ਸੜਕ ਮਨਜੂਰ ਹੋ ਗਈ ਹੈ ਤੇ ਅੱਗੇ ਅਬੋਹਰ ਤੱਕ ਵੀ ਮਨਜ਼ੂਰ ਕਰਵਾ ਦਿੱਤੀ ਜਾਵੇਗੀ ਪਰ ਲੋਕਾਂ ਦਾ ਕਹਿਣਾ ਹੈ ਕਿ 25 ਸਾਲ ਤੋਂ ਇਸ ਸੜਕ ਦਾ ਬੁਰਾ ਹਾਲ ਹੈ ਕਈ ਸਰਕਾਰਾਂ ਆਈਆਂ ਕਈ ਗਈਆਂ ਕਿਸੇ ਨੇ ਵੀ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ।