ਪੁੱਟੀ ਗਲੀ ਤੇ ਸੀਵਰੇਜ ਦੇ ਪਾਣੀ ਨੇ ਮੁਹੱਲਾ ਵਾਸੀਆਂ ਦੀ ਵਧਾਈ ਪਰੇਸ਼ਾਨੀ ਦਸ ਦਿਨਾਂ ਤੋਂ ਪੁੱਟੀ ਗਲੀ ਅਤੇ ਸੀਵਰੇਜ ਦੇ ਗੰਦੇ ਪਾਣੀ ਨੇ ਮੁਹੱਲਾ ਵਾਸੀਆਂ ਦੀ ਵਧਾਈ ਪ੍ਰੇਸ਼ਾਨੀ
Publish Date: Sun, 20 Sep 2026 05:35 PM (IST)
Updated Date: Sun, 20 Sep 2026 05:35 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੇ ਵਾਰਡ ਨੰਬਰ 11, ਬੈਂਕ ਰੋਡ ਸਥਿਤ ਮਿੱਠਨ ਲਾਲ ਸਟ੍ਰੀਟ ਦੇ ਨਿਵਾਸੀ ਗਲੀ ਦੀ ਬੇਹੱਦ ਖ਼ਰਾਬ ਹਾਲਤ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਭਾਰੀ ਪ੍ਰੇਸਨੀ ਦਾ ਸਾਹਮਣਾ ਕਰ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਪਾਈਪਲਾਈਨ ਪਾਉਣ ਦੇ ਕੰਮ ਲਈ ਗਲੀ ਨੂੰ ਪੁੱਟਿਆ ਗਿਆ ਸੀ, ਪਰ ਪਿਛਲੇ ਕਈ ਦਿਨਾਂ ਤੋਂ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ ਅਤੇ ਅੱਗੇ ਨਹੀਂ ਵਧਾਇਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਗਲੀ ਵਿੱਚ ਸੀਵਰੇਜ ਦਾ ਪਾਣੀ ਜਮ੍ਹਾਂ ਹੋਣ ਕਾਰਨ ਆਉਣ-ਜਾਣ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਘਰਾਂ ਤੋਂ ਬਾਹਰ ਨਿਕਲਣਾ ਤਾਂ ਦੂਰ, ਸੀਵਰੇਜ ਦੇ ਪਾਣੀ ਦੀ ਬੱਦਬੂ ਕਾਰਨ ਘਰਾਂ ਦੇ ਅੰਦਰ ਬੈਠਣਾ ਵੀ ਔਖਾ ਹੋ ਗਿਆ ਹੈ। ਮੁਹੱਲਾ ਵਾਸੀਆਂ ਨੇ ਗੰਦੇ ਪਾਣੀ ਕਾਰਨ ਇਲਾਕੇ ’ਚ ਬਿਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਵੀ ਪ੍ਰਗਟਾਇਆ ਹੈ। ਮੁਹੱਲਾ ਵਾਸੀਆਂ ਨੇ ਸਥਾਨਕ ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਜ਼ੋਰਦਾਰ ਅਪੀਲ ਕੀਤੀ ਹੈ ਕਿ ਗਲੀ ’ਚ ਪਾਈਪਲਾਈਨ ਪਾਉਣ ਦਾ ਰੁਕਿਆ ਹੋਇਆ ਕੰਮ ਜਲਦ ਤੋਂ ਜਲਦ ਪੂਰਾ ਕਰਵਾਇਆ ਜਾਵੇ ਅਤੇ ਸੜਕ ਨੂੰ ਦੁਬਾਰਾ ਠੀਕ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਇਸ ਨਰਕ ਭਰੇ ਜੀਵਨ ਤੋਂ ਰਾਹਤ ਮਿਲ ਸਕੇ। ਇਸ ਸਬੰਧ ’ਚ ਜਦੋਂ ਪਬਲਿਕ ਹੈਲਥ ਵਿਭਾਗ ਦੇ ਜੇਈ ਜਤਿਨ ਪਰਮਾਰ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਗਲੀ ਕਰੀਬ ਦੋ ਦਿਨ ਪਹਿਲਾਂ ਹੀ ਪੁੱਟੀ ਗਈ ਹੈ। ਉਨ੍ਹਾਂ ਅਨੁਸਾਰ ਵਾਟਰ ਵਰਕਸ ਦੀ ਪਾਈਪ ਲੀਕ ਹੋਣ ਕਾਰਨ ਗਲੀ ਵਿੱਚ ਪਾਣੀ ਭਰ ਗਿਆ ਸੀ, ਜਿਸ ਕਰਕੇ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਪਾਈਪ ਦੀ ਲੀਕੇਜ ਨੂੰ ਤੁਰੰਤ ਰਿਪੇਅਰ ਕਰਵਾ ਕੇ ਨਿਰਮਾਣ ਕਾਰਜ ਤੇਜ਼ੀ ਨਾਲ ਸ਼ੁਰੂ ਕਰਵਾ ਦਿੱਤਾ ਜਾਵੇਗਾ।