ਗੁਰੂ ਨਾਨਕ ਕਾਲਜ ਵਿਖੇ ਐਜੂਕੇਟ ਪੰਜਾਬ ਪ੍ਰਾਜੈਕਟ ਵੱਲੋਂ ਵਿਸ਼ੇਸ਼ ਪ੍ਰਸਾਰ ਭਾਸ਼ਣ ਕਰਵਾਇਆ ਗੁਰੂ ਨਾਨਕ ਕਾਲਜ ਵਿਖੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਵਿਸ਼ੇਸ਼ ਪ੍ਰਸਾਰ ਭਾਸ਼ਣ ਕਰਵਾਇਆ
Publish Date: Sat, 19 Sep 2026 04:11 PM (IST)
Updated Date: Sat, 19 Sep 2026 04:12 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ ਦੇ ਧਰਮ ਅਧਿਐਨ ਵਿਭਾਗ ਵੱਲੋਂ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਦੀ ਪ੍ਰੇਰਨਾ ਨਾਲ ਇੱਕ ਵਿਸ਼ੇਸ਼ ਪ੍ਰਸਾਰ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸੰਚਾਲਕ ਭਾਈ ਜਸਵਿੰਦਰ ਸਿੰਘ ਖਾਲਸਾ (ਯੂ.ਕੇ. ਵਾਲੇ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਭਾਈ ਜਸਵਿੰਦਰ ਸਿੰਘ ਖਾਲਸਾ ਨੇ ਆਪਣੀ ਜੀਵਨੀ ਦੀਆਂ ਪ੍ਰੇਰਨਾਦਾਇਕ ਘਟਨਾਵਾਂ ਨੂੰ ਗੁਰਮਤਿ ਨਾਲ ਜੋੜਦਿਆਂ ਵਿਦਿਆਰਥੀਆਂ ਨੂੰ ਸਹਿਜ ਪਾਠ ਕਰਨ ਅਤੇ ਗੁਰਮਤਿ ਦੇ ਧਾਰਨੀ ਬਣਨ ਦੀ ਸਿੱਖਿਆ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਅਪਨਾ ਕੇ ਆਪਣਾ ਜੀਵਨ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭਾਈ ਖਾਲਸਾ ਨੇ ਇੱਕ ਵੱਡਾ ਐਲਾਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜੇਕਰ ਕੋਈ ਲੋੜਵੰਦ ਵਿਦਿਆਰਥੀ, ਜਿਸ ਦੇ ਪਰਿਵਾਰਕ ਹਾਲਾਤ ਪੜ੍ਹਾਈ ਦਾ ਖਰਚਾ ਚੁੱਕਣ ਦੇ ਅਸਮਰੱਥ ਹਨ, ਗੁਰਮਤਿ ਦਾ ਧਾਰਨੀ ਹੋਣ ਲਈ ਤਿਆਰ ਹੋਵੇ, ਤਾਂ ਉਸ ਦੀ ਪੜ੍ਹਾਈ ਦਾ ਪੂਰਾ ਖਰਚਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਚੁੱਕਿਆ ਜਾਵੇਗਾ। ਕਾਲਜ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਨੇ ਭਾਈ ਜਸਵਿੰਦਰ ਸਿੰਘ ਖਾਲਸਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਧਰਮ ਅਧਿਐਨ ਵਿਭਾਗ ਦੇ ਸਟਾਫ਼ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।