ਗਿਆਨੀ ਰਸ਼ਪਾਲ ਸਿੰਘ ਦੀ ਸੇਵਾ ਮੁਕਤੀ ’ਤੇ ਕਰਵਾਇਆ ਸਮਾਗਮ ਗੁਰਦੁਆਰਾ ਬਾਬਾ ਨਾਮਦੇਵ ਜੀ ਵਿਖੇ ਗਿਆਨੀ ਰਸ਼ਪਾਲ ਸਿੰਘ ਦਾ ਸੇਵਾ ਮੁਕਤੀ ਸਮਾਗਮ ਕਰਵਾਇਆ
Publish Date: Sat, 26 Sep 2026 05:02 PM (IST)
Updated Date: Sat, 26 Sep 2026 05:03 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ਼ੋ੍ਮਣੀ ਭਗਤ ਬਾਬਾ ਨਾਮਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਸੱਤ ਸਾਲਾਂ ਤੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਗ੍ਰੰਥੀ ਦੀ ਸੇਵਾ ਨਿਭਾ ਰਹੇ ਗਿਆਨੀ ਰਸ਼ਪਾਲ ਸਿੰਘ ਅੱਜ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦੇ ਸੇਵਾ ਮੁਕਤੀ ਸਮਾਗਮ ’ਚ ਵੱਡੀ ਗਿਣਤੀ ਚ ਸੰਗਤਾਂ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਗ੍ਰੰਥੀ ਰਾਗੀ ਸੇਵਾ ਸੁਸਾਇਟੀ ਦੀ ਸਮੁੱਚੀ ਜਥੇਬੰਦੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਦਾਇਗੀ ਦੌਰਾਨ ਗਿਆਨੀ ਜੀ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਜਥੇਬੰਦੀ ਵੱਲੋਂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸੁਸਾਇਟੀ ਦੇ ਪ੍ਰਧਾਨ ਭਾਈ ਹਰਬੰਸ ਸਿੰਘ ਨੇ ਕਿਹਾ ਕਿ ਗ੍ਰੰਥੀ ਅਤੇ ਰਾਗੀ ਸਿੰਘਾਂ ਦਾ ਯੋਗ ਸਤਿਕਾਰ ਤੇ ਮਾਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲੋਕਲ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਗ੍ਰੰਥੀ ਸਿੰਘਾਂ ਦਾ ਆਰਥਿਕ ਤੌਰ ’ਤੇ ਵੀ ਬਣਦਾ ਮਾਣ-ਸਨਮਾਨ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ’ਚ ਵੱਧ ਤੋਂ ਵੱਧ ਨੌਜਵਾਨ ਗ੍ਰੰਥੀ ਸਿੰਘ ਬਣ ਕੇ ਗੁਰੂ ਘਰ ਦੀ ਸੇਵਾ-ਸੰਭਾਲ ’ਚ ਹਿੱਸਾ ਪਾਉਣ, ਧਾਰਮਿਕ ਪ੍ਰਚਾਰ ਕਰਨ ਅਤੇ ਸੰਗਤਾਂ ਨੂੰ ਗੁਰਸਿੱਖੀ ਨਾਲ ਜੋੜ ਸਕਣ। ਉਨ੍ਹਾਂ ਕਿਹਾ ਕਿ ਇਹ ਉਦੋਂ ਹੀ ਸੰਭਵ ਹੈ ਜੇਕਰ ਆਪਾਂ ਰਾਗੀ-ਗ੍ਰੰਥੀ ਸਿੰਘਾਂ ਦਾ ਪੂਰਾ ਮਾਣ-ਸਤਿਕਾਰ ਕਰਾਂਗੇ। ਅਖੀਰ ’ਚ ਉਨ੍ਹਾਂ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਿਆਨੀ ਉੱਤਮ ਸਿੰਘ ਮਹਾਂਬੱਧਰ, ਕੁਲਵੰਤ ਸਿੰਘ ਕਾਂਤੀ, ਹਰਜਿੰਦਰ ਸਿੰਘ ਮਹਾਂਬੱਧਰ, ਗਿਆਨੀ ਅਜੀਤ ਸਿੰਘ, ਸਤਨਾਮ ਸਿੰਘ, ਲਾਲ ਸਿੰਘ, ਗੁਰਮੇਲ ਸਿੰਘ ਮੌੜ ਅਤੇ ਬਾਬਾ ਨਾਮਦੇਵ ਜੀ ਕਮੇਟੀ ਦੇ ਸਮੁੱਚੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।