ਮੇਲਾ ਮਾਘੀ ਟਿਕਟ ਮੁਕਤ ਕਰਨ ਤੇ ਸਮਾਂ ਘਟਾਉਣ ਦੇ ਹੱਕ ’ਚ ਖੜ੍ਹੀ ਹੋਈ ਲੋਕ ਲਹਿਰ ਮੇਲਾ ਮਾਘੀ ਟਿਕਟ ਮੁਕਤ ਕਰਨ ਤੇ ਸਮਾਂ ਘਟਾਉਣ ਦੇ ਹੱਕ ’ਚ ਖੜ੍ਹੀ ਹੋਈ ਲੋਕ ਲਹਿਰ
Publish Date: Wed, 25 Nov 2026 06:27 PM (IST)
Updated Date: Wed, 25 Nov 2026 06:28 PM (IST)
-ਡਾਕਟਰ, ਖੇਤ ਮਜ਼ਦੂਰ, ਕਿਸਾਨ, ਵਪਾਰ ਮੰਡਲ ਤੇ ਸ਼ਹਿਰੀ ਹੋਏ ਇਕ ਮੱਤ ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਚਾਲ੍ਹੀ ਮੁਕਤਿਆਂ ਦੀ ਯਾਦ ’ਚ ਲੱਗਣ ਵਾਲੇ ਮੇਲਾ ਮਾਘੀ ਮੌਕੇ ਮੰਨੋਰੰਜਨ ਮੇਲੇ ’ਚ ਦਾਖਲੇ ਵਾਸਤੇ ਲਾਈ ਜਾਂਦੀ ਟਿਕਟ ਮੁਆਫ ਕਰਨ, ਮੇਲੇ ਦਾ ਸਮਾਂ 15 ਦਿਨ ਕਰਨ ਅਤੇ ਮੇਲਾ ਪੱਕੇ ਤੌਰ ’ਤੇ ਕੋਟਕਪੂਰਾ ਰੋਡ ਉਪਰ ਪੁਰਾਣੀ ਜੇਲ੍ਹ ਵਾਲੀ ਜਗ੍ਹਾ ਤੇ ਤਬਦੀਲ ਕਰਨ ਦੀ ਮੰਗ ਲੋਕ ਲਹਿਰ ਬਣ ਗਈ ਹੈ। ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਮ ਮੰਗ ਪੱਤਰ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ ਕੋਟਲੀ ਤੇ ਗੁਰਾਂਦਿੱਤਾ ਸਿੰਘ ਭਲਾਈਆਣਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਸਵੀਰ ਸਿੰਘ ਥਾਂਦੇਵਾਲਾ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮਹਾਂ ਮੰਤਰੀ ਰਾਜ ਕੁਮਾਰ ਮੇਲੂ, ਸਾਬਕਾ ਜ਼ਿਲ੍ਹਾ ਟਰਾਂਸਪੋਰਟ ਅਫਸਰ ਗੁਰਚਰਨ ਸਿੰਘ ਸੰਧੂ, ਸ੍ਰੀ ਰਾਮ ਸੇਵਾ ਸਮਿਤੀ ਦੇ ਸੰਜੀਵ ਅਰੋੜਾ, ਜਸਕਰਨ ਸਿੰਘ ਬਰਾੜ, ਹਰਨਿਰਪਾਲ ਸਿੰਘ ਬੇਦੀ, ਕੇਐਸ ਮੁਕਸਰੀ, ਸਾਬਕਾ ਪੁਲੀਸ ਅਧਿਕਾਰੀ ਜਗਸੀਰ ਸਿੰਘ, ਭਾਜਪਾ ਆਗੂ ਅਰਵਿੰਦ ਪਠੇਲਾ, ਡਾ. ਸੁਰਿੰਦਰ ਸਿੰਘ ਭੁੱਲਰ, ਫੋਟੋ ਗ੍ਰਾਫਰ ਐਸੋਸੀਏਸ਼ਨ ਦੇ ਆਗੂ ਬੇਟੀ, ਮਾਸਟਰ ਜਸਪਾਲ ਸਿੰਘ, ਗੁਰਸੇਵਕ ਸਿੰਘ ਪ੍ਰੀਤ, ਕੌਂਸਲਰ ਸੰਜਨਾ ਭੰਮ, ਕਰਮਜੀਤ ਭੰਮ, ਅਮਨਦੀਪ ਜੱਸਲ, ਅਵਤਾਰ ਮੁਕਸਰੀ, ਅੰਮ੍ਰਿਤਪਾਲ ਸਿੰਘ, ਕਾਮਰੈਡ ਖਰੈਤੀ ਲਾਲ, ਗੁਰਮੀਤ ਸਿੰਘ, ਗੁਰਬਿੰਦਰ ਪਾਲ, ਮਨੋਹਰ ਸਿੰਘ, ਪਿੰਦਾ ਬਰੀਵਾਲਾ, ਸੁਖਜੀਤ ਸਿੰਘ ਪੱਪੀ ਚਹਿਲ, ਪਾਲੀ ਗੁਰਪਾਲ ਹੋਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲਾਏ ਮੇਲੇ ’ਚ ਦਾਖਲ ਹੋਣ ਦੀ ਲਾਈ ਜਾਂਦੀ ਟਿਕਟ ਆਮ ਲੋਕਾਂ ਉਪਰ ਬੇਲੋੜਾ ਬੋਝ ਹੈ, ਇਸ ਲਈ ਇਹ ਟਿਕਟ ਮੁਆਫ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮੇਲਾ ਮਾਘੀ ਬਹੁਤ ਹੀ ਧਾਰਮਿਕ ਅਤੇ ਇਤਿਹਾਸਕ ਮੇਲਾ ਹੈ। ਇਸ ’ਚ ਦੇਸ਼ ਅਤੇ ਵਿਦੇਸ਼ ਵਿੱਚੋਂ ਸੰਗਤਾਂ ਪੁੱਜਦੀਆਂ ਹਨ। ਚਾਲ੍ਹੀ ਮੁਕਤਿਆਂ ਨੂੰ ਸ਼ਰਧਾ ਸੁੰਮਨ ਭੇਂਟ ਕਰਨ ਤੋਂ ਬਾਅਦ ਮੰਨੋਰਜੰਨ ਮੇਲੇ ’ਚ ਵੀ ਵੱਡੀ ਗਿਣਤੀ ਲੋਕ ਜਾਂਦੇ ਹਨ। ਇਹ ਮੰਨੋਰੰਜਨ ਮੇਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਠੇਕੇ ’ਤੇ ਦਿੱਤਾ ਜਾਂਦਾ ਹੈ। ਇਸ ਲਈ ਠੇਕੇਦਾਰਾਂ ਵੱਲੋਂ ਮੇਲੇ ਦੀ ਚਾਰਦੀਵਾਰੀ ਕਰ ਦਿੱਤੀ ਜਾਂਦੀ ਹੈ ਅਤੇ ਦਾਖਲ ਹੋਣ ’ਤੇ ਟਿਕਟ ਲਾ ਦਿੱਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੇਕੇ ਦੀ ਬੋਲੀ ਦੇਣ ਸਮੇਂ ਹੀ ਠੇਕੇਦਾਰਾਂ ਨਾਲ ਇਹ ਸ਼ਰਤ ਰੱਖੀ ਜਾਵੇ ਕਿ ਦਾਖਲਾ ਟਿਕਟ ਫਰੀ ਹੋਵੇਗਾ।ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਕਾਰਜਕਾਰੀ ਸਕੱਤਰ ਜਗਮੋਹਨ ਸਿੰਘ ਨੇ ਟਿਕਟ ਫਰੀ ਅਤੇ ਜਗ੍ਹਾ ਬਦਲੀ ਮਾਮਲੇ ਨੂੰ ਮੇਲਾ ਮਾਘੀ ਪ੍ਰਬੰਧਾਂ ਸਬੰਧੀ ਹੋਣ ਵਾਲੀ ਬੈਠਕ ’ਚ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਹੈ। -- ਪੁਰਾਣੀ ਜੇਲ੍ਹ ਵਾਲੀ ਜਗ੍ਹਾ ’ਤੇ ਲਾਇਆ ਜਾਵੇ ਮੇਲਾ ਮਾਘੀ- ਵੱਖ ਵੱਖ ਸਖ਼ਸੀਅਤਾਂ ਨੇ ਕਿਹਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਮੇਲਾ ਮਾਘੀ ਮਲੋਟ ਰੋਡ ਉਪਰ ਪ੍ਰਾਈਵੇਟ ਜਗ੍ਹਾ ਕਿਰਾਏ ’ਤੇ ਲੈ ਕੇ ਮੇਲਾ ਲਾਇਆ ਜਾਂਦਾ ਹੈ ਜਦੋਂ ਕਿ ਕੋਟਕਪੂਰਾ ਰੋਡ ਉਪਰ ਪੁਰਾਣੀ ਜੇਲ੍ਹ ਵਾਲੀ ਕਈ ਏਕੜਾ ਜਗ੍ਹਾ ਇਸ ਵੇਲੇ ਖਾਲ੍ਹੀ ਹੈ ਜਿਥੇ ਮੇਲਾ ਲਾਉਣ ਨਾਲ ਮਲੋਟ ਰੋਡ ਉਪਰੋਂ ਬੋਝ ਘਟਣ ਨਾਲ ਲੋਕਾਂ ਨੂੰ ਸੁਖ ਦਾ ਸਾਹ ਮਿਲੇਗਾ। ਮੇਲਾ ਬਜ਼ਾਰ ਮਲੋਟ ਰੋਡ ’ਤੇ ਹੀ ਲੱਗ ਸਕਦਾ ਹੈ। -- ਧਾਰਮਿਕ ਮੇਲੇ ਦੌਰਾਨ ਨਸ਼ੇ ਦੀ ਮਨਾਹੀ ਹੋਵੇ : ਡਾ. ਭੁੱਲਰ ਡਾ. ਸੁਰਿੰਦਰ ਪਾਲ ਸਿੰਘ ਭੁੱਲਰ ਨੇ ਮੰਗ ਕੀਤੀ ਕਿ ਮੇਲੇ ਦੌਰਾਨ ਵੱਡੀ ਪੱਧਰ ’ਤੇ ਆਏ ਪਰਵਾਸੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਨਸ਼ੇ ਦਾ ਸੇਵਨ ਕਰਦੇ ਹਨ। ਉਨ੍ਹਾਂ ਨੂੰ ਮਰਿਆਦਾ ਦਾ ਵੀ ਪਤਾ ਨਹੀਂ ਹੁੰਦਾ। ਮੇਲਾ ਮਾਘੀ ਧਾਰਮਿਕ ਮੇਲਾ ਹੈ ਇਸ ਦੌਰਾਨ ਨਸ਼ੇ ਦੀਆਂ ਦੁਕਾਨਾਂ ਖਾਸ ਤੌਰ ’ਤੇ ਬੀੜੀ, ਸਿਗਰਟ ਤੇ ਜ਼ਰਦੇ ਦੀ ਮਨਾਹੀ ਹੋਣੀ ਚਾਹੀਦੀ ਹੈ। -- ਲੰਗਰਾਂ ਦਾ ਸਮਾਂ ਤੇ ਸਥਾਨ ਪਹਿਲਾਂ ਹੀ ਤੈਅ ਹੋਵੇ : ਮੇਲੂ ਮੇਲੇ ਦੌਰਾਨ ਲੱਗਣ ਵਾਲੇ ਲੰਗਰਾ ਲਈ ਕਮੇਟੀ ਬਣਾ ਕੇ ਲੰਗਰਾਂ ਦਾ ਸਮਾਂ ਤੇ ਸਥਾਨ ਤੈਅ ਕੀਤੇ ਜਾਣ ਦੀ ਮੰਗ ਕਰਦਿਆਂ ਰਾਜ ਕੁਮਾਰ ਮੇਲੂ ਨੇ ਦੱਸਿਆ ਕਿ ਅਕਸਰ ਮੇਲੇ ਦੌਰਾਨ ਇਕੋ ਵੇਲੇ, ਇਕੋ ਦਿਨ ਬਹੁਤ ਸਾਰੇ ਲੰਗਰ ਲੱਗ ਜਾਂਦੇ ਹਨ ਜਿਸ ਕਰਕੇ ਲੋਕ ਲੰਗਰ ਨਹੀਂ ਛਕਦੇ ਤੇ ਲੰਗਰਾਂ ਦਾ ਨਿਰਾਦਰ ਹੁੰਦਾ ਹੈ। ਮੇਲੇ ਦੇ ਬਾਕੀ ਦਿਨਾਂ ਵਿੱਚ ਕੋਈ ਲੰਗਰ ਨਹੀਂ ਹੁੰਦਾ ਜਿਸ ਕਰਕੇ ਲੋਕ ਭੁੱਖੇ ਰਹਿੰਦੇ ਹਨ। ਇਸ ਲਈ ਲੰਗਰਾਂ ਦਾ ਸਮਾਂ ਤੇ ਸਥਾਨ ਪਹਿਲਾਂ ਹੀ ਤੈਅ ਹੋਣਾ ਚਾਹੀਦਾ ਹੈ।