ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕੱਢਿਆ ਟਰੈਕਟਰ ਮਾਰਚ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਜਿਲ੍ਹਾ ਹੈਡਕੁਆਰਟਰ ਤੇ ਕੀਤਾ ਵਿਸ਼ਾਲ ਟਰੈਕਟਰ ਮਾਰਚ
Publish Date: Tue, 27 Jan 2026 03:50 PM (IST)
Updated Date: Tue, 27 Jan 2026 03:52 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਭਾਰਤ ਪੱਧਰ ’ਤੇ ਸੱਦੇ ਨੂੰ ਲਾਗੂ ਕਰਦਿਆਂ ਹੋਇਆਂ ਬਿਜਲੀ ਸੋਧ ਬਿਲ 2025, ਬੀਜ ਬਿੱਲ 2025, ਲੇਬਰ ਕੋਡ ਅਤੇ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈਡਕੁਆਰਟਰ ’ਤੇ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦਿਉਣ, ਬੀਕੇਯੂ ਡਕੌਂਦਾ (ਬਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ, ਬੀਕੇਯੂ ਲੱਖੋਵਾਲ ਦੇ ਜਿਲ੍ਹਾ ਸਕੱਤਰ ਜੱਥੇਦਾਰ ਗੁਰਮੀਤ ਸਿੰਘ ਲੰਬੀ ਢਾਬ, ਬੀਕੇਯੂ ਉਗਰਾਹਾਂ ਦੇ ਸੀਨੀਅਰ ਆਗੂ ਰਾਜਾ ਸਿੰਘ ਮਹਾਂ ਬੱਧਰ, ਪੰਜਾਬ ਕਿਸਾਨ ਯੂਨੀਅਨ ਦੇ ਬੁਲਾਰੇ ਜਰਨੈਲ ਸਿੰਘ ਰੋੜਾਂਵਾਲਾ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਝਬੇਲਵਾਲੀ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਪੱਖੀ ਫੈਸਲੇ ਲੈਂਦਿਆਂ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ 2025 ਨੂੰ ਬਜਟ ਸੈਸ਼ਨ ’ਚ ਲਿਆਉਣ ਦੀ ਬਿਲਕੁਲ ਤਿਆਰੀ ਕਰ ਲਈ ਹੈ, ਜਿਸ ’ਚ ਕਰੋਸ ਸਬਸਿਡੀ ਬੰਦ ਕਰਕੇ ਖੇਤੀ ਵਾਲੀਆਂ ਮੋਟਰਾਂ ’ਤੇ ਬਿਜਲੀ ਬਿੱਲ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਾਨੂੰਨ ਬਣਨ ਨਾਲ ਨਾ ਸਿਰਫ ਕਿਸਾਨੀ ਤਬਾਹ ਹੋਵੇਗੀ ਬਲਕਿ ਹਰ ਵਰਗ ’ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਭਾਵੇਂ ਕਿਸਾਨੀ ਅੰਦੋਲਨ ਦੇ ਦਬਾਅ ਹੇਠ ਤਿੰਨ ਕਾਨੂੰਨ ਰੱਦ ਕਰ ਦਿੱਤੇ ਸੀ ਪਰ ਹੁਣ ਟੇਡੇ ਢੰਗ ਨਾਲ ਖੇਤੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਕਬਜੇ ’ਚ ਕਰਵਾਉਣ ਲਈ ਕਿਸਾਨੀ ਤੇ ਵੱਡਾ ਹਮਲਾ ਬੀਜ ਬਿੱਲ ਲਿਆ ਕੇ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੁਨੀਆਂ ਦੀਆਂ ਵੱਡੀਆਂ ਪੰਜ ਸੱਤ ਕੰਪਨੀਆਂ ਨੇ ਬੀਜ ’ਤੇ ਦਵਾਈਆਂ ਦੇ ਖੇਤਰ ਤੇ 70 ਪ੍ਰਤੀਸ਼ਤ ਕਬਜ਼ਾ ਕੀਤਾ ਹੋਇਆ, ਬੀਜ ਬਿੱਲ ਜੇਕਰ ਕਾਨੂੰਨ ਬਣ ਜਾਂਦਾ ਹੈ ਤਾਂ ਕਿਸਾਨੀ ਨੂੰ ਬਚਾਉਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੀ ਹੋਈ ਹੈ, ਹੁਣ ਜੇਕਰ ਵਿਦੇਸ਼ੀ ਕੰਪਨੀਆਂ ਦੇ ਬੀਜ ’ਤੇ ਨਿਰਭਰਤਾ ਹੋਵੇਗੀ ਤਾਂ ਦੇਸ਼ ਦੀ ਕਿਸਾਨੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਆਗੂਆਂ ਨੇ ਕਿਹਾ ਇਹ ਪੂਰੀ ਤਰ੍ਹਾਂ ਸੱਚ ਹੈ ਕਿ ਜਿਸਦਾ ਬੀਜ ’ਤੇ ਕੰਟਰੋਲ ਹੈ ਉਸਦਾ ਅਨਾਜ ’ਤੇ ਵੀ ਕੰਟਰੋਲ ਹੋਵੇਗਾ। ਮੋਦੀ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ 2025 ਲਿਆਉਣ ਦਾ ਮਕਸਦ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਵੱਡੇ ਦੇਸੀ ਵਿਦੇਸ਼ੀ ਸਰਮਾਏਦਾਰ ਘਰਾਣਿਆਂ ਦਾ ਕਬਜ਼ਾ ਕਰਾਉਣਾ ਹੈ। ਇਨਾਂ ਲੋਕ ਮਾਰੂ ਨੀਤੀਆਂ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ ਵਿਸ਼ਾਲ ਟਰੈਕਟਰ ਮਾਰਚ ਚੱਕ ਬੀੜ ਸਰਕਾਰ ਤੋਂ ਸ਼ੁਰੂ ਹੋ ਕੇ ਡਾਕਟਰ ਕੇਹਰ ਸਿੰਘ ਚੌਂਕ ਤੋਂ ਅੰਦਰਲਾਂ ਕੋਟਕਪੂਰਾ ਚੌਂਕ ਤੋਂ ਹੁੰਦੇ ਹੋਏ ਤਰਨਤਾਰਨ ਗੁਰਦੁਆਰਾ ਸਾਹਿਬ ਕੋਲ ਦੀ ਆ ਕੇ ਡੀਸੀ ਦਫਤਰ ਦੇ ਮੂਹਰੇ ਨਾਅਰੇ ਮਾਰ ਕੇ ਟਰੈਕਟਰ ਮਾਰਚ ਦੀ ਸਮਾਪਤੀ ਕੀਤੀ। ਜਿਸ ਵਿੱਚ ਸਟੇਜ ਦੀ ਕਾਰਵਾਈ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਨੇ ਚਲਾਈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੈਸ਼ਨ ’ਚ ਇਨ੍ਹਾਂ ਲੋਕ ਮਾਰੂ ਬਿੱਲਾ ਨੂੰ ਲਿਆਂਦਾ ਗਿਆ ਤਾਂ ਉਸ ਤੋਂ ਅਗਲੇ ਦਿਨ ਕਾਲਾ ਦਿਵਸ ਮਨਾਉਂਦੇ ਹੋਏ 3 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਲੰਡੇ ਰੋਡੇ, ਹਰਪ੍ਰੀਤ ਸਿੰਘ ਗੋਨਿਆਣਾ, ਅਮਨਦੀਪ ਸਿੰਘ ਹਰੀਕੇ ਕਲਾਂ, ਗੁਰਚਰਨ ਸਿੰਘ ਗੰਧੜ, ਹਰਫੂਲ ਸਿੰਘ ਭਾਗਸਰ, ਦਰਸ਼ਨ ਸਿੰਘ ਵੜਿੰਗ ਆਦਿ ਆਗੂ ਹਾਜ਼ਰ ਸਨ।