ਘਰ ਨੂੰ ਲੱਗੀ ਅੱਗ, ਤਿੰਨ ਲੱਖ ਦਾ ਸਾਮਾਨ ਸੜ ਕੇ ਸੁਆਹ ਗੋਨੇਆਣਾ ਰੋਡ ’ਤੇ ਘਰ ਨੂੰ ਲੱਗੀ ਭਿਆਨਕ ਅੱਗ, ਢਾਈ ਤੋਂ ਤਿੰਨ ਲੱਖ ਦਾ ਸਾਮਾਨ ਸੜ ਕੇ ਸੁਆਹ
Publish Date: Sat, 07 Nov 2026 05:52 PM (IST)
Updated Date: Sat, 07 Nov 2026 05:53 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਗੋਨੇਆਣਾ ਰੋਡ ’ਤੇ ਸਥਿਤ ਇੱਕ ਘਰ ’ਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਹਾਦਸਾ ਮੁਕਤਸਰ ਦੇ ਗੋਨਿਆਣਾ ਰੋਡ ਨਿਵਾਸੀ ਰਾਕੇਸ਼ ਕੁਮਾਰ ਦੇ ਘਰ ਵਾਪਰਿਆ, ਜਿਸ ’ਚ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਰਾਕੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਵੇਲੇ ਉਹ ਪਰਿਵਾਰ ਸਮੇਤ ਕਿਸੇ ਸਮਾਗਮ ’ਚ ਗਏ ਹੋਏ ਸਨ। ਇਸੇ ਦੌਰਾਨ ਆਂਢ-ਗੁਆਂਢ ਦੇ ਲੋਕਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਘਰ ਵਿੱਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਣ ਦੀ ਸੂਚਨਾ ਦਿੱਤੀ। ਜਦੋਂ ਤੱਕ ਪਰਿਵਾਰ ਵਾਪਸ ਪਹੁੰਚਿਆ, ਉਦੋਂ ਤੱਕ ਘਰ ’ਚ ਰੱਖੀ ਸਕੂਟੀ, ਵਾਸ਼ਿੰਗ ਮਸ਼ੀਨ, ਇੰਵਰਟਰ ਅਤੇ ਬੂਟਾਂ ਦੇ ਨਵੇਂ ਜੋੜਿਆਂ ਸਮੇਤ ਕਾਫ਼ੀ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਘਟਨਾ ਦੌਰਾਨ ਮੁਸਤੈਦੀ ਦਿਖਾਉਂਦਿਆਂ ਗੁਆਂਢੀਆਂ ਅਤੇ ਇਲਾਕੇ ਦੇ ਨੌਜਵਾਨਾਂ ਨੇ ਆਪਣੀ ਪੱਧਰ ’ਤੇ ਮਿਹਨਤ ਕਰਕੇ ਅੱਗ ’ਤੇ ਕਾਬੂ ਪਾਇਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ ਅਤੇ ਅੱਗ ਆਸ-ਪਾਸ ਦੇ ਘਰਾਂ ਤੱਕ ਨਹੀਂ ਫੈਲੀ। ਪੀੜਤ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਬੂਟਾਂ ਦੀ ਇੱਕ ਛੋਟੀ ਜਿਹੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਇਸ ਹਾਦਸੇ ਨਾਲ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ, ਜਿਸ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ, ਤਾਂ ਜੋ ਉਹ ਇਸ ਮੁਸ਼ਕਲ ਘੜੀ ਵਿੱਚੋਂ ਨਿਕਲ ਕੇ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।