‘ਆਪ’ ਦੀ ਮੀਟਿੰਗ ’ਚ ਵਰਕਰਾਂ ਤੇ ਆਗੂਆਂ ਦਾ ਕਾਫਲਾ
ਸ੍ਰੀ ਮੁਕਤਸਰ ਸਾਹਿਬ ਵਿਖੇ ‘ਆਪ’ ਦੀ ਮੀਟਿੰਗ ’ਚ ਬਰੀਵਾਲਾ ਤੋਂ ਵਰਕਰਾਂ ਤੇ ਆਗੂਆਂ ਦਾ ਵੱਡਾ ਕਾਫ਼ਲਾ ਪੁੱਜਿਆ
Publish Date: Thu, 26 Mar 2026 06:50 PM (IST)
Updated Date: Fri, 27 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ :ਸ੍ਰੀ ਮੁਕਤਸਰ ਸਾਹਿਬ ਦੇ ਚਹਿਲ ਪੈਲੇਸ ਵਿਖੇ ਆਮ ਆਦਮੀ ਪਾਰਟੀ ਵੱਲੋਂ ਰੱਖੀ ਗਈ ਅਹਿਮ ਮੀਟਿੰਗ ’ਚ ਮੰਡੀ ਬਰੀਵਾਲਾ ਤੋਂ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਬਰੀਵਾਲਾ ਤੋਂ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਆਗੂਆਂ ਨੇ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਗਾਈ। ਇਸ ਇਕੱਠ ਦੀ ਅਗਵਾਈ ਬਰੀਵਾਲਾ ਦੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧੀਆਂ ਵੱਲੋਂ ਕੀਤੀ ਗਈ, ਜਿਨ੍ਹਾਂ ਵਿੱਚ ਕੇਵਲ ਕ੍ਰਿਸ਼ਨ ਗੋਇਲ ਪ੍ਰਧਾਨ ਨਗਰ ਪੰਚਾਇਤ ਬਰੀਵਾਲਾ, ਜਗਸੀਰ ਕੁਮਾਰ ਚਰਨਾ ਜ਼ਿਲ੍ਹਾ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ (ਸ੍ਰੀ ਮੁਕਤਸਰ ਸਾਹਿਬ), ਰਜਨੀਸ਼ ਕੁਮਾਰ ਗੋਇਲ ਪ੍ਰਧਾਨ ਟਰੇਡ ਯੂਨੀਅਨ, ਅਜੇ ਗਰਗ ਪ੍ਰਧਾਨ ਕੱਚਾ ਆੜ੍ਹਤੀਆ ਯੂਨੀਅਨ ਬਰੀਵਾਲਾ, ਕੌਂਸਲਰ ਬਲਵਿੰਦਰ ਸਿੰਘ ਖਾਲਸਾ, ਅਸ਼ੋਕ ਕੁਮਾਰ, ਰਾਜਕੁਮਾਰ, ਅਜੀਤ ਸਿੰਘ ਅਤੇ ਸਮੂਹ ਐੱਮਸੀ ਸ਼ਾਮਲ ਸਨ। ਮੀਟਿੰਗ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਲਏ ਜਾ ਰਹੇ ਫੈਸਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਔਰਤਾਂ ਦੀ ਆਰਥਿਕ ਮਦਦ ਲਈ ਸ਼ੁਰੂ ਕੀਤੀ ਗਈ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਐੱਸਸੀ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਦਾ ਫੈਸਲਾ ਇਕ ਸ਼ਲਾਘਯੋਗ ਕਦਮ ਹੈ, ਜਿਸ ਨਾਲ ਔਰਤਾਂ ਆਰਥਿਕ ਤੌਰ ’ਤੇ ਮਜ਼ਬੂਤ ਹੋਣਗੀਆਂ। ਨਗਰ ਪੰਚਾਇਤ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਜਗਸੀਰ ਕੁਮਾਰ ਚਰਨਾ ਜ਼ਿਲ੍ਹਾ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ (ਸ੍ਰੀ ਮੁਕਤਸਰ ਸਾਹਿਬ), ਰਜਨੀਸ਼ ਕੁਮਾਰ ਗੋਇਲ ਪ੍ਰਧਾਨ ਟਰੇਡ ਯੂਨੀਅਨ ਅਤੇ ਹੋਰਨਾਂ ਆਗੂਆਂ ਨੇ ਬਰੀਵਾਲਾ ਦੇ ਸੀਵਰੇਜ ਸਿਸਟਮ ਲਈ ਜ਼ਮੀਨ ਦੀ ਰਜਿਸਟਰੀ ਦਾ ਕੰਮ ਮੁਕੰਮਲ ਹੋਣ ਤੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਵਧਾਈ ਦਿੰਦਿਆਂ ਧੰਨਵਾਦ ਕੀਤਾ। ਨਾਲ ਹੀ ਆਗੂਆਂ ਨੇ ਮੰਗ ਕੀਤੀ ਕਿ ਸੀਵਰੇਜ ਪਾਉਣ ਦੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਅਮਲੀ ਰੂਪ ਦਿੱਤਾ ਜਾਵੇ ਤਾਂ ਜੋ ਮੰਡੀ ਬਰੀਵਾਲਾ ਨਿਵਾਸੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ ਤੋਂ ਨਿਜਾਤ ਮਿਲ ਸਕੇ।