ਸੰਤ ਬਾਬਾ ਇਕਬਾਲ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਸੰਤ ਬਾਬਾ ਇਕਬਾਲ ਸਿੰਘ ਦੇ 100ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ
Publish Date: Sat, 26 Sep 2026 05:27 PM (IST)
Updated Date: Sat, 26 Sep 2026 05:27 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਸੰਤ ਬਾਬਾ ਇਕਬਾਲ ਸਿੰਘ ਜੀ ਦੇ 100ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਅਤੇ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਪਵਿੱਤਰ ਸਮਾਗਮ ’ਚ ਇਲਾਕੇ ਦੀ ਸਮੂਹ ਸਾਧ-ਸੰਗਤ ਤੋਂ ਇਲਾਵਾ ਨੇੜਲੀਆਂ ਅੱਠ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮਹਾਨ ਅੰਮ੍ਰਿਤ ਸੰਚਾਰ ਦੌਰਾਨ 100 ਤੋਂ ਵੱਧ ਪ੍ਰਾਣੀਆਂ ਨੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਸਿੰਘ ਸਜਣ ਦਾ ਸੁਭਾਗ ਪ੍ਰਾਪਤ ਕੀਤਾ। ਅੰਮ੍ਰਿਤ ਅਭਿਲਾਖੀਆਂ ਲਈ ਕਕਾਰਾਂ ਦੀ ਭੇਟਾ ਰਹਿਤ ਸੇਵਾ ਸ੍ਰੀ ਸਹਿਜ ਪਾਠ ਸੇਵਾ ਸੋਸਾਇਟੀ, ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਤੌਰ ਤੇ ਨਿਭਾਈ ਗਈ। ਸਮਾਗਮ ਦੌਰਾਨ ਸੰਗਤਾਂ ਨੂੰ ਗੁਰੂ ਸਾਹਿਬ ਦੀ ਮਰਿਆਦਾ ਅਤੇ ਗੁਰਮਤਿ ਸਿੱਖਿਆਵਾਂ ਨਾਲ ਜੋੜਦਿਆਂ, ਨੌਜਵਾਨ ਪੀੜ੍ਹੀ ’ਚ ਸਿੱਖੀ ਦੀ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ ਗਿਆ। ਇਸ ਰੂਹਾਨੀ ਸਮਾਗਮ ’ਚ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ, ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਅਕਾਲ ਅਕੈਡਮੀ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੇ ਅੰਤ ’ਚ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ ਨੇ ਪਹੁੰਚੀਆਂ ਸਮੂਹ ਧਾਰਮਿਕ ਸ਼ਖ਼ਸੀਅਤਾਂ, ਪੰਜ ਪਿਆਰੇ ਸਾਹਿਬਾਨ, ਸੇਵਾਦਾਰਾਂ, ਨੇੜਲੀਆਂ ਅਕੈਡਮੀਆਂ ਦੇ ਅਧਿਆਪਕਾਂ-ਵਿਦਿਆਰਥੀਆਂ ਅਤੇ ਇਲਾਕੇ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤ ਦੇ ਸਾਂਝੇ ਯਤਨਾਂ ਅਤੇ ਸਹਿਯੋਗ ਨਾਲ ਹੀ ਇਹ ਪਾਵਨ ਕਾਰਜ ਸੁਚੱਜੇ ਢੰਗ ਨਾਲ ਸੰਪੰਨ ਹੋ ਸਕਿਆ ਹੈ। ਉਨ੍ਹਾਂ ਗੁਰੂ ਚਰਨਾਂ ’ਚ ਅਰਦਾਸ ਕੀਤੀ ਕਿ ਸਤਿਗੁਰੂ ਸਭ ’ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਭ ਨੂੰ ਗੁਰਮਤਿ ਦੇ ਮਾਰਗ ਤੇ ਚੱਲਣ ਦਾ ਬਲ ਬਖ਼ਸ਼ਣ।