- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਟਨਾ ਤੋਂ ਬਾਅਦ ਐੱਸਪੀ (ਡੀ) ਮਨਮੀਤ ਸਿੰਘ ਢਿੱਲੋਂ, ਡੀਐੱਸਪੀ ਮਲੋਟ ਜਸਪਾਲ ਸਿੰਘ ਅਤੇ ਐੱਸਐੱਚਓ ਸਿਟੀ ਮਲੋਟ ਮੌਕੇ ’ਤੇ ਪਹੁੰਚੇ। ਪੁਲਿਸ ਨੇ ਸੀਸੀਟੀਵੀ ਖੰਗਾਲੇ ਅਤੇ ਦੁਕਾਨ ਵਿੱਚ ਲੱਗੇ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ’ਚ ਮੰਗਲਵਾਰ ਨੂੰ ਦਿਨ-ਦਿਹਾੜੇ ਤਿੰਨ ਲੁਟੇਰੇ ਇੱਕ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਅਨੁਸਾਰ ਲੁਟੇਰੇ ਲਗਭਗ 8 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਲੈ ਗਏ ਹਨ। ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉੱਥੇ ਹੀ ਇਸ ਘਟਨਾ ਨਾਲ ਪੂਰੇ ਸ਼ਹਿਰ ’ਚ ਰੋਸ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਅਨੁਸਾਰ ਅੱਜ ਤਿੰਨ ਨੌਜਵਾਨ ਸ੍ਰੀ ਗੁਰੂ ਰਵਿਦਾਸ ਨਗਰ ’ਚ ਕਾਸ਼ੀ ਰਾਮ ਸੁਨਿਆਰੇ ਵਾਲੀ ਗਲੀ ’ਚ ਬਣੀ ਇੱਕ ਸੁਨਿਆਰੇ ਦੀ ਦੁਕਾਨ ‘ਐੱਸਐੱਸ ਜਵੈਲਰਜ਼’ ’ਤੇ ਆਏ। ਦੁਕਾਨ ਦੇ ਅੰਦਰ ਦੋ ਜਣੇ ਗਏ, ਜਦਕਿ ਇੱਕ ਮੋਟਰਸਾਈਕਲ ’ਤੇ ਬਾਹਰ ਖੜ੍ਹਾ ਰਿਹਾ। ਦੁਕਾਨਦਾਰ ਸੰਜੇ ਸੋਨੀ ਨੇ ਦੱਸਿਆ ਕਿ ਦੁਪਹਿਰ ਲਗਭਗ ਦੋ ਵਜੇ ਦੋ ਨੌਜਵਾਨ ਦੁਕਾਨ ’ਤੇ ਆਏ ਅਤੇ ਸੋਨੇ ਦੀ ਅੰਗੂਠੀ ਦਿਖਾਉਣ ਲਈ ਕਿਹਾ।
ਅੰਗੂਠੀ ਦੇਖਣ ਤੋਂ ਬਾਅਦ ਉਨ੍ਹਾਂ ਨੇ ਸੋਨੇ ਦੀਆਂ ਵਾਲੀਆਂ ਦਿਖਾਉਣ ਲਈ ਕਿਹਾ, ਜਿਸਦਾ ਵਜ਼ਨ ਕਰਕੇ ਰੇਟ ਆਦਿ ਬਣਾਉਣ ਲੱਗੇ। ਇਸੇ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਲਈ ਅਤੇ ਚੁੱਪਚਾਪ ਬੈਠਣ ਲਈ ਕਿਹਾ। ਇਸ ਦੌਰਾਨ ਦੁਕਾਨ ’ਚ ਰੱਖੇ ਤਿੰਨ ਡੱਬੇ, ਜਿਨ੍ਹਾਂ ’ਚ ਨੱਕ ਦੇ ਕੋਕੇ ਅਤੇ ਹੋਰ ਛੋਟੇ ਗਹਿਣੇ ਸਨ, ਲੈ ਕੇ ਫਰਾਰ ਹੋ ਗਏ। ਦੋਵੇਂ ਬਾਹਰ ਖੜ੍ਹੇ ਤੀਜੇ ਸਾਥੀ ਨਾਲ ਮੋਟਰਸਾਈਕਲ ’ਤੇ ਬੈਠ ਕੇ ਭੱਜ ਗਏ। ਇਹ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ। ਲੁਟੇਰਿਆਂ ਨੇ ਤਿੰਨ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਦੁਕਾਨ ਦੀ ਕੰਧ ’ਚ ਲੱਗੀ ਅਤੇ ਦੋ ਬਾਹਰ ਫਾਇਰ ਕੀਤੇ।
ਘਟਨਾ ਤੋਂ ਬਾਅਦ ਐੱਸਪੀ (ਡੀ) ਮਨਮੀਤ ਸਿੰਘ ਢਿੱਲੋਂ, ਡੀਐੱਸਪੀ ਮਲੋਟ ਜਸਪਾਲ ਸਿੰਘ ਅਤੇ ਐੱਸਐੱਚਓ ਸਿਟੀ ਮਲੋਟ ਮੌਕੇ ’ਤੇ ਪਹੁੰਚੇ। ਪੁਲਿਸ ਨੇ ਸੀਸੀਟੀਵੀ ਖੰਗਾਲੇ ਅਤੇ ਦੁਕਾਨ ਵਿੱਚ ਲੱਗੇ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿਨ-ਦਿਹਾੜੇ ਸ਼ਹਿਰ ਦੇ ਆਬਾਦੀ ਵਾਲੇ ਇਲਾਕੇ ਵਿੱਚ ਹੋਈ ਲੁੱਟ ਅਤੇ ਫਾਇਰਿੰਗ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਸ਼ਹਿਰ ਵਾਸੀ ਸਰਕਾਰ ਦੀ ਕਾਨੂੰਨ ਵਿਵਸਥਾ ਨੂੰ ਕੋਸ ਰਹੇ ਹਨ। ਉੱਧਰ, ਘਟਨਾ ਤੋਂ ਬਾਅਦ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਵੀ ਸੁਨਿਆਰੇ ਦੀ ਦੁਕਾਨ ’ਤੇ ਪਹੁੰਚੇ ਅਤੇ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ।
ਐੱਸਪੀ ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਲਈ ਗਈ ਹੈ। ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਦੀਆਂ ਟੀਮਾਂ ਲਗਾਤਾਰ ਇਲਾਕੇ ’ਚ ਚੈਕਿੰਗ ਕਰ ਰਹੀਆਂ ਹਨ ਅਤੇ ਦੋਸ਼ੀਆਂ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ।